ਭਾਜਪਾ ਨੇ ਪਿੰਡ ਗਾਟਵਾਲੀ ‘ਚ ਕੀਤੀ ਵੱਡੀ ਰੈਲੀ

ਤਲਵੰਡੀ ਸਾਬੋ : ਅੱਜ ਭਾਰਤੀ ਜਨਤਾ ਪਾਰਟੀ ਨੇ ਤਲਵੰਡੀ ਸਾਬੋ ਵਿਧਾਨ ਹਲਕਾ ਦੇ ਪਿੰਡ ਗਾਟਵਾਲੀ ਵਿਖੇ ਰੈਲੀ ਕੀਤੀ। ਇਸ ਰੈਲੀ ਵਿੱਚ ਭਾਜਪਾ ਦੇ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ ਪਹੁੰਚੇ। ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕੇਵਲ ਸਿੰਘ ਢਿੱਲੋ ਨੇ ਕਿਹਾ ਕਿ ਪੰਜਾਬ ਹੁਣ ਸਮਝ ਚੁੱਕਾ ਹੈ ਕਿ ਪੰਜਾਬ ਦੀ ਵਿਗੜ ਚੁੱਕੀ ਕਾਨੂੰਨ ਵਿਵਸਥਾ ਨੂੰ ਸਿਰਫ ਭਾਰਤੀ ਜਨਤਾ ਪਾਰਟੀ ਹੀ ਸੁਧਾਰ ਸਕਦੀ ਹੈ ਅਤੇ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਵੱਡੀ ਜਿੱਤ ਹਾਸਿਲ ਕਰਕੇ ਪੰਜਾਬ ਵਿੱਚ ਸਰਕਾਰ ਬਣਾਏਗੀ। 

ਮੀਡੀਆ ਨਾਲ ਗੱਲ ਕਰਦਿਆਂ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪੇਂਡੂ ਖੇਤਰਾਂ ਵਿੱਚ ਭਾਜਪਾ ਨੂੰ ਚੰਗਾ ਹੁਲਾਰਾ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਇਸ ਸਮੇਂ ਪੰਜਾਬ ਵਿੱਚ ਘਰ ਘਰ ਨਸ਼ਾ ਵਿਕ ਰਿਹਾ ਹੈ ਅਤੇ ਪੰਜਾਬ ਗੈਂਗਸਟਰ ਪੰਜਾਬ ਵਿੱਚ ਥਾਣਿਆਂ ‘ਤੇ ਗੋਲੀਆਂ ਚਲਾ ਰਹੇ ਹਨ।  

ਉਹਨਾਂ ਕਿਹਾ ਕਿ ਬਰਨਾਲਾ ਵਿੱਚ ਧਰਨਾ ਲਗਾ ਰਹੀਆਂ ਮਹਿਲਾ ਸਫਾਈ ਕਰਮੀਆਂ ‘ਤੇ ਲਾਠੀਚਾਰਜ ਕਰਨਾ ਪੰਜਾਬ ਸਰਕਾਰ ਦੀ ਬਹੁਤ ਮਾੜੀ ਹਰਕਤ ਹੈ। 

ਢਿੱਲੋ ਨੇ ਕਿਹਾ ਕਿ ਨੀਤੀ ਆਯੋਗ ਦੀ ਰਿਪੋਰਟ ਦੇ ਮੁਤਾਬਿਕ ਪੰਜਾਬ ਅੱਜ 22ਵੇਂ ਨੰਬਰ ਤੇ ਪਹੁੰਚ ਗਿਆ ਹੈ ਜੋ ਕਿ ਕਿਸੇ ਸਮੇਂ ਪਹਿਲੇ ਨੰਬਰ ‘ਤੇ ਹੁੰਦਾ ਸੀ ਇਹ ਸਭ ਪੰਜਾਬ ਸਰਕਾਰ ਦੀਆਂ ਮਾੜੀਆਂ ਪਾਲਸੀਆਂ ਦੇ ਕਾਰਨ ਹੋਇਆ ਹੈ। 

ਫਰੀਦਕੋਟ ਦੀ ਬਾਬਾ ਫਰੀਦ ਯੂਨੀਵਰਸਿਟੀ ਵਿੱਚ ਪੇਪਰ ਲੀਕ ਮਾਮਲੇ ਬਾਰੇ ਬੋਲਦਿਆਂ ਕੇਵਲ ਸਿੰਘ ਢਿੱਲੋ ਨੇ ਕਿਹਾ ਕਿ ਪੰਜਾਬ ਵਿੱਚ ਹੁਣ ਤੱਕ ਛੇ ਪੇਪਰ ਲੀਕ ਹੋ ਚੁੱਕੇ ਹਨ ਪਰ ਪੰਜਾਬ ਸਰਕਾਰ ਵੱਲੋਂ ਕਿਸੇ ਇੱਕ ‘ਤੇ ਵੀ ਕਾਰਵਾਈ ਨਹੀਂ ਕੀਤੀ ਗਈ ਜਦੋਂ ਕਿ ਦਿੱਲੀ ਜਾ ਕੇ ਇਹ ਪੇਪਰ ਲੀਕ ਹੋਣ ‘ਤੇ ਰਾਜਨੀਤੀ ਕਰਦੇ ਹਨ। ਉਹਨਾਂ ਮੰਗ ਕੀਤੀ ਕਿ ਪੰਜਾਬ ਦੇ ਸਿੱਖਿਆ ਮੰਤਰੀ ਅਤੇ ਸਿਹਤ ਮੰਤਰੀ ਨੂੰ ਤੁਰੰਤ ਅਸਤੀਫਾ ਦੇਣ। 

ਢਿੱਲੋ ਨੇ ਦੱਸਿਆ ਕਿ ਬੀਤੇ ਦਿਨੀ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੀਟਿੰਗ ਕਰਕੇ ਪੰਜਾਬ ਦੇ ਮੌਜੂਦਾ ਹਾਲਾਤਾਂ ਤੋਂ ਪ੍ਰਧਾਨ ਮੰਤਰੀ ਨੂੰ ਜਾਣੂ ਕਰਵਾਇਆ ਅਤੇ ਪੰਜਾਬ ਵਿੱਚ ਫੈਲ ਰਹੇ ਨਸ਼ੇ ਅਤੇ ਕਾਨੂੰਨ ਵਿਵਸਥਾ ਬਾਰੇ ਚਰਚਾ ਕੀਤੀ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਭਰੋਸਾ ਦਵਾਇਆ ਹੈ ਕਿ ਪੰਜਾਬ ਦੇ ਹਾਲਾਤਾਂ ਨੂੰ ਸੁਧਾਰਿਆ ਜਾਵੇਗਾ ਅਤੇ ਪੰਜਾਬ ਨੂੰ ਮੁੜ ਤੋਂ ਨੰਬਰ ਇੱਕ ਸੂਬਾ ਬਣਾਉਣਗੇ।

ਕੇਵਲ ਸਿੰਘ ਢਿੱਲੋ ਨੇ ਕਿਹਾ ਕਿ ਪੰਜਾਬ ਕਾਂਗਰਸ ਦਾ ਕਾਟੋ ਕਲੇਸ਼ ਖਤਮ ਹੋਣ ਦਾ ਨਾਮ ਹੀ ਨਹੀਂ ਲੈ ਰਿਹਾ ਅਤੇ ਪੰਜਾਬ ਦੇ ਵਿੱਚ ਕਾਂਗਰਸ ਪੂਰੀ ਤਰ੍ਹਾਂ ਦੇ ਨਾਲ ਖਤਮ ਹੋ ਚੁੱਕੀ ਹੈ।

ਅੱਜ ਦੇ ਸਮਾਗਮ ਵਿੱਚ ਕੇਵਲ ਢਿੱਲੋਂ ਦੇ ਨਾਲ ਬਠਿੰਡਾ ਦਿਹਾਤੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ, ਬਠਿੰਡਾ ਸ਼ਹਿਰੀ ਦੇ ਪ੍ਰਧਾਨ ਸਰੂਪ ਚੰਦ ਸਿੰਗਲਾ, ਪੰਜਾਬ ਜਨਰਲ ਸਕੱਤਰ ਦਿਆਲ ਸੋਢੀ ਅਤੇ ਜਗਦੀਪ ਸਿੰਘ ਨਕਈ ਸਟੇਜ ‘ਤੇ ਮੌਜੂਦ ਹਨ।

ਵਿਦੇਸ਼ ਜਾਣ ਵਾਲੇ ਪੰਜਾਬੀਆਂ ਲਈ ਵੱਡੀ ਰਾਹਤ: ਦਿੱਲੀ ਦੀ ਖੱਜਲ-ਖੁਆਰੀ ਖ਼ਤਮ, ਅੰਮ੍ਰਿਤਸਰ ਏਅਰਪੋਰਟ ਬਣੇਗਾ ਅੰਤਰਰਾਸ਼ਟਰੀ ਗੇਟਵੇ
ਅਮਰਜੀਤ ਮਹਿਤਾ ਦੇ ਭਰੋਸੇ ਤੋਂ ਬਾਅਦ ਬਠਿੰਡਾ 'ਚ ਖਤਮ ਹੋਈ ਸਫਾਈ ਕਾਮਿਆਂ ਦੀ ਭੁੱਖ ਹੜਤਾਲ