ਵਿਦੇਸ਼ ਜਾਣ ਵਾਲੇ ਪੰਜਾਬੀਆਂ ਲਈ ਵੱਡੀ ਰਾਹਤ: ਦਿੱਲੀ ਦੀ ਖੱਜਲ-ਖੁਆਰੀ ਖ਼ਤਮ, ਅੰਮ੍ਰਿਤਸਰ ਏਅਰਪੋਰਟ ਬਣੇਗਾ ਅੰਤਰਰਾਸ਼ਟਰੀ ਗੇਟਵੇ

ਅੰਮ੍ਰਿਤਸਰ: ਪੰਜਾਬ ਤੋਂ ਲੰਡਨ, ਟੋਰਾਂਟੋ, ਦੁਬਈ ਜਾਂ ਹੋਰ ਵਿਦੇਸ਼ੀ ਸ਼ਹਿਰਾਂ ਲਈ ਯਾਤਰਾ ਕਰਨ ਵਾਲੇ ਯਾਤਰੀਆਂ ਲਈ ਇੱਕ ਵੱਡੀ ਅਤੇ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਕੇਂਦਰੀ ਨਾਗਰਿਕ ਉੱਡਣ ਮੰਤਰੀ ਰਾਮ ਮੋਹਨ ਨਾਇਡੂ ਕਿੰਜਰਾਪੂ ਨੇ ਐਲਾਨ ਕੀਤਾ ਹੈ ਕਿ ਹੁਣ ਅੰਮ੍ਰਿਤਸਰ ਹਵਾਈ ਅੱਡੇ ‘ਤੇ ਹੀ ਅੰਤਰਰਾਸ਼ਟਰੀ ਯਾਤਰਾ ਨਾਲ ਜੁੜੀਆਂ ਸਾਰੀਆਂ ਰਸਮਾਂ ਪੂਰੀਆਂ ਕਰ ਲਈਆਂ ਜਾਣਗੀਆਂ, ਜਿਸ ਨਾਲ ਦਿੱਲੀ ਏਅਰਪੋਰਟ ‘ਤੇ ਹੋਣ ਵਾਲੀ ਭੱਜ-ਦੌੜ ਅਤੇ ਖੱਜਲ-ਖੁਆਰੀ ਤੋਂ ਮੁਕਤੀ ਮਿਲੇਗੀ।

ਦਿੱਲੀ ਏਅਰਪੋਰਟ ‘ਤੇ ਨਹੀਂ ਲੱਗਣਗੀਆਂ ਲੰਬੀਆਂ ਲਾਈਨਾਂ

ਮੰਤਰੀ ਨਾਇਡੂ ਅਨੁਸਾਰ, ਪਹਿਲਾਂ ਪੰਜਾਬ ਤੋਂ ਜਾਣ ਵਾਲੇ ਯਾਤਰੀਆਂ ਨੂੰ ਦਿੱਲੀ ਪਹੁੰਚ ਕੇ ਆਪਣਾ ਸਾਮਾਨ ਦੁਬਾਰਾ ਚੈੱਕ-ਇਨ ਕਰਵਾਉਣਾ ਪੈਂਦਾ ਸੀ, ਲੰਬੀਆਂ ਲਾਈਨਾਂ ਵਿੱਚ ਖੜ੍ਹਨਾ ਪੈਂਦਾ ਸੀ ਅਤੇ ਇਮੀਗ੍ਰੇਸ਼ਨ ਪ੍ਰਕਿਰਿਆ ਵਿੱਚੋਂ ਲੰਘਣਾ ਪੈਂਦਾ ਸੀ। ਇਸ ਪੂਰੀ ਪ੍ਰਕਿਰਿਆ ਵਿੱਚ ਅੱਧਾ ਦਿਨ ਬਰਬਾਦ ਹੋ ਜਾਂਦਾ ਸੀ। ਪਰ ਨਵੇਂ ਪ੍ਰਬੰਧਾਂ ਤਹਿਤ ਚੈੱਕ-ਇਨ, ਇਮੀਗ੍ਰੇਸ਼ਨ, ਕਸਟਮ ਅਤੇ ਬੈਗੇਜ ਡ੍ਰੌਪ-ਆਫ ਦੀ ਸੁਵਿਧਾ ਹੁਣ ਅੰਮ੍ਰਿਤਸਰ ਹਵਾਈ ਅੱਡੇ ‘ਤੇ ਹੀ ਮਿਲੇਗੀ।

ਇਸ ਸੁਵਿਧਾ ਨਾਲ ਯਾਤਰੀਆਂ ਦਾ ਸਾਮਾਨ ਅੰਮ੍ਰਿਤਸਰ ਤੋਂ ਹੀ ਬੁੱਕ ਹੋ ਕੇ ਸਿੱਧਾ ਉਨ੍ਹਾਂ ਦੀ ਅੰਤਰਰਾਸ਼ਟਰੀ ਮੰਜਿਲ ‘ਤੇ ਪਹੁੰਚੇਗਾ। ਦਿੱਲੀ ਪਹੁੰਚ ਕੇ ਯਾਤਰੀਆਂ ਨੂੰ ਸਿਰਫ਼ ਆਪਣੀ ਕਨੈਕਟਿੰਗ ਫਲਾਈਟ ਹੀ ਫੜਨੀ ਪਵੇਗੀ ਅਤੇ ਉਹ ਮਹਿਜ਼ 4 ਘੰਟਿਆਂ ਦੇ ਅੰਦਰ ਆਪਣੀ ਅੰਤਰਰਾਸ਼ਟਰੀ ਉਡਾਣ ਵਿੱਚ ਹੋਣਗੇ।

ਹਰ ਸਾਲ 3 ਲੱਖ ਯਾਤਰੀਆਂ ਨੂੰ ਮਿਲੇਗਾ ਲਾਭ

ਸਰਕਾਰੀ ਆਂਕੜਿਆਂ ਅਨੁਸਾਰ, ਹਰ ਸਾਲ ਲਗਭਗ 1.5 ਲੱਖ ਯਾਤਰੀ ਅੰਤਰਰਾਸ਼ਟਰੀ ਉਡਾਣਾਂ ਫੜਨ ਲਈ ਅੰਮ੍ਰਿਤਸਰ ਤੋਂ ਦਿੱਲੀ ਜਾਂਦੇ ਹਨ ਅਤੇ ਇੰਨੇ ਹੀ ਯਾਤਰੀ ਵਿਦੇਸ਼ਾਂ ਤੋਂ ਦਿੱਲੀ ਆ ਕੇ ਅੰਮ੍ਰਿਤਸਰ ਲਈ ਯਾਤਰਾ ਕਰਦੇ ਹਨ। ਇਸ ਨਵੇ ਪ੍ਰਬੰਧ ਨਾਲ ਸਲਾਨਾ 3 ਲੱਖ ਦੇ ਲਗਭਗ ਯਾਤਰੀਆਂ ਨੂੰ ਸਿੱਧਾ ਲਾਭ ਪਹੁੰਚੇਗਾ।

ਉੱਤਰੀ ਭਾਰਤ ਦਾ ਅੰਤਰਰਾਸ਼ਟਰੀ ਗੇਟਵੇ ਬਣੇਗਾ ਅੰਮ੍ਰਿਤਸਰ

ਇਸ ਫੈਸਲੇ ਨਾਲ ਅੰਮ੍ਰਿਤਸਰ ਹਵਾਈ ਅੱਡਾ ਉੱਤਰੀ ਭਾਰਤ ਲਈ ਇੱਕ ਮੁੱਖ ਅੰਤਰਰਾਸ਼ਟਰੀ ਗੇਟਵੇ ਵਜੋਂ ਉੱਭਰੇਗਾ। ਇਸ ਨਾਲ ਪੰਜਾਬ ਤੋਂ ਇਲਾਵਾ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੇ ਯਾਤਰੀਆਂ ਨੂੰ ਵੀ ਵੱਡੀ ਸਹੂਲਤ ਮਿਲੇਗੀ। ਦੁਨੀਆ ਭਰ ਵਿੱਚ ਰਹਿਣ ਵਾਲੇ ਲਗਭਗ 3 ਕਰੋੜ ਭਾਰਤੀਆਂ ਵਿੱਚੋਂ 1 ਕਰੋੜ ਦੇ ਕਰੀਬ ਪੰਜਾਬੀ ਹਨ, ਜਿਨ੍ਹਾਂ ਲਈ ਇਹ ਸੁਵਿਧਾ ਬਹੁਤ ਕਾਰਗਰ ਸਾਬਤ ਹੋਵੇਗੀ।

ਸਥਾਨਕ ਆਰਥਿਕਤਾ ਅਤੇ ਕਾਰੋਬਾਰ ਨੂੰ ਮਿਲੇਗਾ ਹੁੰਗਾਰਾ

ਹਵਾਈ ਸੰਪਰਕ ਵਧਣ ਨਾਲ ਅੰਮ੍ਰਿਤਸਰ ਦੀ ਆਰਥਿਕਤਾ ਨੂੰ ਸਿੱਧਾ ਫਾਇਦਾ ਹੋਵੇਗਾ। ਯਾਤਰੀਆਂ ਦੀ ਆਵਾਜਾਈ ਵਧਣ ਨਾਲ ਹੋਟਲ ਉਦਯੋਗ, ਹਸਤਕਲਾ, ਟੈਕਸਟਾਈਲ, ਕਾਰਗੋ ਅਤੇ ਲੌਜਿਸਟਿਕਸ ਵਰਗੇ ਖੇਤਰਾਂ ਵਿੱਚ ਨਵੇਂ ਰੋਜ਼ਗਾਰ ਅਤੇ ਵਪਾਰਕ ਅਵਸਰ ਪੈਦਾ ਹੋਣਗੇ। ਨਾਲ ਹੀ, ਹਬ ਅਤੇ ਸਪੋਕ ਮਾਡਲ ਨਾਲ ਏਅਰਲਾਈਨਾਂ ਦੇ ਮਾਲੀਏ ਵਿੱਚ ਵੀ ਵਾਧਾ ਹੋਵੇਗਾ।

ਅਸਾਮ 'ਚ ਹੜ੍ਹਾਂ ਦੀ ਸਥਿਤੀ ਗੰਭੀਰ: ਮੌਤਾਂ ਦੀ ਗਿਣਤੀ 66 ਤੱਕ ਪਹੁੰਚੀ, ਕੇਂਦਰੀ ਟੀਮ ਨੁਕਸਾਨ ਦਾ ਜਾਇਜ਼ਾ ਲੈਣ ਪੁੱਜੀ
ਭਾਜਪਾ ਨੇ ਪਿੰਡ ਗਾਟਵਾਲੀ 'ਚ ਕੀਤੀ ਵੱਡੀ ਰੈਲੀ