“ਆਲ ਇਜ਼ ਵੈੱਲ” ਕਹਿਣ ਵਾਲੀ SHO ਨੂੰ ਨੌਕਰੀ ਤੋਂ ਲਾਹਿਆ ਗਿਆ

ਵਿਜੀਲੈਂਸ ਵੱਲੋਂ ਗ੍ਰਿਫ਼ਤਾਰ ਕੀਤੀ ਗਈ ਐਸ.ਐਚ.ਓ. ਸੁਨੀਤਾ ਰਾਣੀ ਨੂੰ ਨੌਕਰੀ ਤੋਂ ਬਰਖ਼ਾਸਤ ਕਰਨ ਦੀ ਸਿਫ਼ਾਰਸ਼

ਰਿਸ਼ਵਤਖ਼ੋਰੀ ਦੇ ਦੋਸ਼ ਤਹਿਤ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ ਕੀਤੀ ਗਈ ਇੰਸਪੈਕਟਰ ਸੁਨੀਤਾ ਰਾਣੀ (ਨੰਬਰ 33/ਐਫ਼.ਆਰ.) ਨੂੰ ਪੁਲਿਸ ਵਿਭਾਗ ਤੋਂ ਬਰਖ਼ਾਸਤ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ। ਫ਼ਰੀਦਕੋਟ ਰੇਂਜ ਦੇ ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈ.ਜੀ.) ਵੱਲੋਂ ਜਾਰੀ ਹੁਕਮਾਂ ਵਿੱਚ ਇਹ ਕਾਰਵਾਈ ਸਾਹਮਣੇ ਆਈ ਹੈ।

ਕੀ ਹੈ ਪੂਰਾ ਮਾਮਲਾ:

  • ਐਸ.ਐਸ.ਪੀ. ਮੋਗਾ ਦੀ ਰਿਪੋਰਟ ਮੁਤਾਬਕ ਡੀ.ਐਸ.ਪੀ. ਧਰਮਕੋਟ ਦੀ ਪੜਤਾਲ ਦੇ ਆਧਾਰ ‘ਤੇ ਥਾਣਾ ਕੋਟ ਇਸੇ ਖਾਂ ਵਿਖੇ ਤਾਇਨਾਤ ਤਤਕਾਲੀ ਐਸ.ਐਚ.ਓ. ਇੰਸਪੈਕਟਰ ਸੁਨੀਤਾ ਰਾਣੀ ਅਤੇ ਪੀ.ਐਚ.ਜੀ. ਗੁਰਵਤਾਰ ਸਿੰਘ ਵਿਰੁੱਧ 26 ਸਤੰਬਰ 2026 ਨੂੰ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਐਫ.ਆਈ.ਆਰ. ਦਰਜ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਸੀ।
  • ਅਦਾਲਤ ਵਿੱਚ ਪੇਸ਼ੀ ਤੋਂ ਬਾਅਦ ਵਾਪਸੀ ਸਮੇਂ ਮੀਡੀਆ ਨਾਲ ਗੱਲਬਾਤ ਕਰਦਿਆਂ ਇੰਸਪੈਕਟਰ ਸੁਨੀਤਾ ਰਾਣੀ ਨੇ ਬੜੇ ਲਾਪਰਵਾਹ ਅਤੇ ਹਲਕੇ ਅੰਦਾਜ਼ ਵਿੱਚ “ਆਲ ਇਜ਼ ਵੈੱਲ, ਆਲ ਇਜ਼ ਵੈੱਲ” ਅਤੇ “ਇਹ ਜ਼ਿੰਦਗੀ ਦਾ ਹਿੱਸਾ ਹੈ” ਵਰਗੇ ਬਿਆਨ ਦਿੱਤੇ ਸਨ, ਜਿਸ ਨੂੰ ਵਿਭਾਗੀ ਅਨੁਸ਼ਾਸਨ ਦੇ ਖ਼ਿਲਾਫ਼ ਮੰਨਿਆ ਗਿਆ ਹੈ।

ਗੰਭੀਰ ਦੋਸ਼ ਅਤੇ ਅਨੁਸ਼ਾਸਨੀ ਕਾਰਵਾਈ:

  • ਪੜਤਾਲ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਉਕਤ ਇੰਸਪੈਕਟਰ ਖ਼ਿਲਾਫ਼ ਪਹਿਲਾਂ ਵੀ ਨਸ਼ਾ ਤਸਕਰਾਂ ਨਾਲ ਮਿਲੀਭੁਗਤ ਕਰਕੇ ਐਨ.ਡੀ.ਪੀ.ਐਸ. ਐਕਟ ਤਹਿਤ ਕੇਸ ਪਾਉਣ ਦਾ ਡਰਾਵਾ ਦੇ ਕੇ ਪੈਸੇ ਵਸੂਲਣ ਦੀਆਂ ਮੌਖਿਕ ਸ਼ਿਕਾਇਤਾਂ ਮਿਲੀਆਂ ਸਨ।
  • ਆਈ.ਜੀ. ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਅਜਿਹੇ ਪੁਲਿਸ ਅਧਿਕਾਰੀ ਵਿਭਾਗ ਲਈ “ਕਾਲੀ ਭੇਡ” (Black Sheep) ਦੀ ਤਰ੍ਹਾਂ ਹਨ, ਜਿਨ੍ਹਾਂ ਦਾ ਪੁਲਿਸ ਵਿਭਾਗ ਵਿੱਚ ਬਣੇ ਰਹਿਣਾ ਆਮ ਲੋਕਾਂ ਵਿੱਚ ਪੁਲਿਸ ਦੀ ਸਾਖ਼ ਅਤੇ ਭਰੋਸੇਯੋਗਤਾ ਨੂੰ ਨੁਕਸਾਨ ਪਹੁੰਚਾਉਂਦਾ ਹੈ।
  • ਇਸ ਤਹਿਤ ਸੰਵਿਧਾਨ ਦੀ ਧਾਰਾ 311(2)(b) ਅਧੀਨ ਉਨ੍ਹਾਂ ਨੂੰ ਨੌਕਰੀ ਤੋਂ ਬਰਖ਼ਾਸਤ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ।
LPU ਵਿਵਾਦ: ਪੰਜਾਬ & ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਅਤੇ ਪੁਲਿਸ ਤੋਂ ਮੰਗੀ ਸਟੇਟਸ ਰਿਪੋਰਟ