ਦਰਿਆਵਾਂ ਦੀ ਸਫਾਈ ਅਤੇ ਨਸ਼ਾ ਮੁਕਤ ਪੰਜਾਬ ਅਕਾਲੀ ਦਲ ਦੀ ਮੁੱਖ ਤਰਜੀਹ ਹੋਵੇਗੀ: ਸੁਖਬੀਰ ਸਿੰਘ ਬਾਦਲ

ਰਾਮਪੁਰਾ ਫੂਲ, 28 ਫਰਵਰੀ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਭਾਈ ਰੂਪਾ ਵਿਖੇ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਐਲਾਨ ਕੀਤਾ ਕਿ ਸੂਬੇ ਵਿੱਚ ਅਕਾਲੀ ਦਲ ਦੀ ਸਰਕਾਰ ਬਣਨ ‘ਤੇ ਸਤਲੁਜ ਅਤੇ ਬਿਆਸ ਦਰਿਆਵਾਂ ਦੀ ਸਫਾਈ ਨੂੰ ਪਹਿਲ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਫੈਕਟਰੀਆਂ ਜਾਂ ਸੀਵਰੇਜ ਦਾ ਗੰਦਾ ਪਾਣੀ ਦਰਿਆਵਾਂ ਵਿੱਚ ਨਹੀਂ ਪੈਣ ਦਿੱਤਾ ਜਾਵੇਗਾ, ਕਿਉਂਕਿ ਮਾਲਵਾ ਖਿੱਤੇ ਵਿੱਚ ਫੈਲ ਰਹੇ ਕੈਂਸਰ ਦਾ ਮੁੱਖ ਕਾਰਨ ਇਹੀ ਗੰਧਲਾ ਪਾਣੀ ਹੈ।

ਪੰਜਾਬ ਬਚਾਓ ਮੁਹਿੰਮ ਤਹਿਤ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਬਾਦਲ ਨੇ ਕਿਹਾ ਕਿ ਅਕਾਲੀ ਦਲ ਸੂਬੇ ਵਿੱਚੋਂ ਗੁੰਡਾ ਰਾਜ ਅਤੇ ਨਸ਼ਾ ਤਸਕਰਾਂ ਦਾ ਖ਼ਾਤਮਾ ਕਰੇਗਾ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੰਜਾਬ ਨੂੰ ‘ਪੁਲਿਸ ਰਾਜ’ ਵਿੱਚ ਬਦਲ ਦਿੱਤਾ ਗਿਆ ਹੈ, ਜਿੱਥੇ ਪੁਲਿਸ ਦੀ ਵਰਤੋਂ ਕਿਸਾਨਾਂ, ਮੁਲਾਜ਼ਮਾਂ ਅਤੇ ਸਿਆਸੀ ਵਿਰੋਧੀਆਂ ਨੂੰ ਦਬਾਉਣ ਲਈ ਕੀਤੀ ਜਾ ਰਹੀ ਹੈ। ਉਨ੍ਹਾਂ ਵਾਅਦਾ ਕੀਤਾ ਕਿ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਨੂੰ ਅਤਿਵਾਦੀ ਐਲਾਨ ਕੇ ਉਨ੍ਹਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾਣਗੀਆਂ।

ਸੁਖਬੀਰ ਸਿੰਘ ਬਾਦਲ ਨੇ ਆਉਣ ਵਾਲੀ ਅਕਾਲੀ ਸਰਕਾਰ ਦੇ ਏਜੰਡੇ ਸਪੱਸ਼ਟ ਕਰਦਿਆਂ ਕਈ ਅਹਿਮ ਐਲਾਨ ਕੀਤੇ:

  • ਸਾਰੇ ਲੋੜਵੰਦ ਕਿਸਾਨਾਂ ਨੂੰ ਮੁਫ਼ਤ ਟਿਊਬਵੈਲ ਕੁਨੈਕਸ਼ਨ ਦਿੱਤੇ ਜਾਣਗੇ।
  • ਗਰੀਬ ਪਰਿਵਾਰਾਂ ਨੂੰ 4 ਰੁਪਏ ਕਿਲੋ ਆਟਾ ਅਤੇ 20 ਰੁਪਏ ਕਿਲੋ ਦਾਲ ਮੁਹੱਈਆ ਕਰਵਾਈ ਜਾਵੇਗੀ।
  • ਬਜ਼ੁਰਗਾਂ ਦੀ ਪੈਨਸ਼ਨ ਵਧਾ ਕੇ 3100 ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇਗੀ।
  • ਲੜਕੀਆਂ ਦੇ ਵਿਆਹ ਸਮੇਂ ਸ਼ਗਨ ਰਾਸ਼ੀ ਵਜੋਂ 1 ਲੱਖ ਰੁਪਏ ਦਿੱਤੇ ਜਾਣਗੇ।
  • ਸਰਕਾਰੀ ਨੌਕਰੀਆਂ ਸਿਰਫ਼ ਪੰਜਾਬੀਆਂ ਲਈ ਰਾਖਵੀਆਂ ਹੋਣਗੀਆਂ ਅਤੇ ਪ੍ਰਾਈਵੇਟ ਖੇਤਰ ਵਿੱਚ 75% ਨੌਕਰੀਆਂ ਸਥਾਨਕ ਨੌਜਵਾਨਾਂ ਨੂੰ ਮਿਲਣਗੀਆਂ।
  • ਨੌਜਵਾਨਾਂ ਨੂੰ 10 ਲੱਖ ਰੁਪਏ ਤੱਕ ਦਾ ਵਿਆਜ਼ ਮੁਕਤ ਕਰਜ਼ਾ ਦਿੱਤਾ ਜਾਵੇਗਾ।

ਉਨ੍ਹਾਂ ਕਾਂਗਰਸ ਅਤੇ ਆਪ ‘ਤੇ ਵਰ੍ਹਦਿਆਂ ਕਿਹਾ ਕਿ ਇਨ੍ਹਾਂ ਪਾਰਟੀਆਂ ਨੂੰ ਪੰਜਾਬ ਦੇ ਹਿੱਤਾਂ ਨਾਲ ਕੋਈ ਸਰੋਕਾਰ ਨਹੀਂ ਹੈ। ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਸਿਰਫ਼ ਆਪਣੀ ਖਿੰਡ ਰਹੀ ਪਾਰਟੀ ਨੂੰ ਬਚਾਉਣ ਆਏ ਹਨ, ਪੰਜਾਬੀਆਂ ਲਈ ਉਨ੍ਹਾਂ ਕੋਲ ਕੋਈ ਉਸਾਰੂ ਏਜੰਡਾ ਨਹੀਂ ਹੈ। ਇਸ ਮੌਕੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਆਪ ਸਰਕਾਰ ਸਿਰਫ਼ ਵੋਟਾਂ ਖਰੀਦਣ ਲਈ ਔਰਤਾਂ ਨੂੰ ਇੱਕ-ਇੱਕ ਹਜ਼ਾਰ ਰੁਪਏ ਦੇਣ ਦੇ ਖੋਖਲੇ ਵਾਅਦੇ ਕਰ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਵਿਰੋਧੀਆਂ ਜਾਂ ਅਕਾਲੀ ਦਲ ਦਾ ਸਾਥ ਦੇਣ ਵਾਲੇ ਕਲਾਕਾਰਾਂ ਅਤੇ ਧਾਰਮਿਕ ਸ਼ਖ਼ਸੀਅਤਾਂ ਦੀ ਸੁਰੱਖਿਆ ਵਾਪਸ ਲੈ ਕੇ ਬਦਲੇ ਦੀ ਰਾਜਨੀਤੀ ਕਰ ਰਹੀ ਹੈ। ਰੈਲੀ ਦੌਰਾਨ ਸਿਕੰਦਰ ਸਿੰਘ ਮਲੂਕਾ ਅਤੇ ਹਰਿੰਦਰ ਸਿੰਘ ਮਹਿਰਾਜ ਸਮੇਤ ਕਈ ਦਿੱਗਜ ਆਗੂ ਹਾਜ਼ਰ ਸਨ।

ਟਰੰਪ ਨੂੰ ਵੱਡਾ ਝਟਕਾ, ਟੈਰਿਫ ਦੇ ਨਾਮ 'ਤੇ ਹੁਣ ਬਾਕੀ ਦੇਸ਼ਾਂ ਨੂੰ ਬਲੈਕਮੇਲ ਨਹੀਂ ਕਰ ਸਕੇਗਾ ਟਰੰਪ
ਕਰੀਬ 90 ਲੱਖ ਭਾਰਤੀ, ਖਾੜੀ ਦੇਸ਼ਾਂ ਵਿੱਚ ਫਸੇ