ਬਿਸਲੇਰੀ ਦੇ ਪਾਣੀ ‘ਚ ਮਿਲੇ ਕੈਂਸਰ ਦੇ ਤੱਤ

ਕੈਂਸਰ ਅਤੇ ਕਿਡਨੀ ਵਰਗੀਆਂ ਗੰਭੀਰ ਬਿਮਾਰੀਆਂ ਦਾ ਖ਼ਤਰਾ ਪੈਦਾ ਕਰਨ ਵਾਲੇ ਖ਼ਤਰਨਾਕ ਕੈਮੀਕਲ ਮਿਲਣ ਤੋਂ ਬਾਅਦ ਬੋਤਲਬੰਦ ਪਾਣੀ ਦੀ ਮਸ਼ਹੂਰ ਕੰਪਨੀ ਬਿਸਲਰੀ ਇੰਟਰਨੈਸ਼ਨਲ ‘ਤੇ ਵੱਡੀ ਕਾਰਵਾਈ ਹੋਣ ਜਾ ਰਹੀ ਹੈ। ਭਾਰਤੀ ਖੁਰਾਕ ਸੁਰੱਖਿਆ ਤੇ ਮਿਆਰ ਅਥਾਰਟੀ (FSSAI) ਨੇ ਕੰਪਨੀ ਖ਼ਿਲਾਫ਼ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ।

ਜਾਂਚ ਦੌਰਾਨ ਲਏ ਗਏ ਬਿਸਲਰੀ ਦੇ ਪਾਣੀ ਦੇ ਸੈਂਪਲ ਇੱਕ ਨਹੀਂ ਸਗੋਂ ਦੋ ਵਾਰ ਫੇਲ੍ਹ ਹੋਏ ਹਨ। ਪਹਿਲੀ ਲੈਬ ਰਿਪੋਰਟ ਵਿੱਚ ਫੇਲ੍ਹ ਹੋਣ ਤੋਂ ਬਾਅਦ ਕੰਪਨੀ ਨੇ ਅਪੀਲ ਕੀਤੀ ਸੀ, ਜਿਸ ਮਗਰੋਂ ਸੈਂਪਲ ਨੂੰ ਦੂਜੀ ਰੈਫਰਲ ਫੂਡ ਲੈਬ ਵਿੱਚ ਭੇਜਿਆ ਗਿਆ, ਪਰ ਉੱਥੇ ਵੀ ਗੜਬੜੀ ਦੀ ਪੁਸ਼ਟੀ ਹੋਈ। ਦੋਵਾਂ ਰਿਪੋਰਟਾਂ ਵਿੱਚ ਪਾਣੀ ਦੇ pH ਪੱਧਰ ਵਿੱਚ ਖਰਾਬੀ ਅਤੇ ‘ਬ੍ਰੋਮੇਟ’ (Bromate) ਨਾਮਕ ਖ਼ਤਰਨਾਕ ਕੈਮੀਕਲ ਦੀ ਮਾਤਰਾ ਤੈਅ ਮਾਪਦੰਡਾਂ ਨਾਲੋਂ ਕਾਫ਼ੀ ਜ਼ਿਆਦਾ ਪਾਈ ਗਈ ਹੈ, ਜੋ ਸਿਹਤ ਲਈ ਬੇਹੱਦ ਨੁਕਸਾਨਦੇਹ ਹੈ।

ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, 2006 ਤਹਿਤ ਇਸ ਪਾਣੀ ਨੂੰ ਅਸੁਰੱਖਿਅਤ ਐਲਾਨਦਿਆਂ ਹੁਣ ਕਾਨੂੰਨੀ ਕਾਰਵਾਈ ਦੀ ਤਿਆਰੀ ਕੀਤੀ ਜਾ ਰਹੀ ਹੈ। ਦੂਜੇ ਪਾਸੇ, ਬਿਸਲਰੀ ਨੇ ਸਫ਼ਾਈ ਦਿੰਦਿਆਂ ਕਿਹਾ ਹੈ ਕਿ ਇਹ ਮਾਮਲਾ ਕਰੀਬ 14 ਮਹੀਨੇ ਪੁਰਾਣਾ ਹੈ ਅਤੇ ਕੰਪਨੀ ਵੱਲੋਂ ਕਿਸੇ ਹੋਰ ਲੈਬ ਤੋਂ ਕਰਵਾਈ ਗਈ ਜਾਂਚ ਵਿੱਚ ਉਨ੍ਹਾਂ ਦਾ ਪਾਣੀ ਪੂਰੀ ਤਰ੍ਹਾਂ ਸੁਰੱਖਿਅਤ ਪਾਇਆ ਗਿਆ ਹੈ।

ਆਮ ਲੋਕਾਂ ਨੂੰ ਅਪੀਲ ਹੈ ਕਿ ਬਾਜ਼ਾਰ ਵਿੱਚੋਂ ਕੋਈ ਵੀ ਬੋਤਲਬੰਦ ਪਾਣੀ ਖਰੀਦਣ ਵੇਲੇ ਉਸ ਦੀ ਐਕਸਪਾਇਰੀ ਡੇਟ, FSSAI ਮਾਰਕਾ ਅਤੇ ਬੋਤਲ ਦੀ ਸੀਲ ਜ਼ਰੂਰ ਚੈੱਕ ਕਰਨ। ਜੇਕਰ ਪਾਣੀ ਵਿੱਚੋਂ ਕਿਸੇ ਤਰ੍ਹਾਂ ਦੀ ਬਦਬੂ ਆਉਂਦੀ ਹੈ ਜਾਂ ਗੁਣਵੱਤਾ ‘ਤੇ ਸ਼ੱਕ ਹੋਵੇ, ਤਾਂ FSSAI ਦੇ ਪੋਰਟਲ ‘ਤੇ ਤੁਰੰਤ ਸ਼ਿਕਾਇਤ ਦਰਜ ਕਰਵਾਓ।

ਕੈਨੇਡਾ ਗਏ ਪੰਜਾਬ ਦੇ ਮੁੰਡੇ ਨੇ ਕੀਤੀ ਖ਼ੁਦਕੁਸ਼ੀ