ਭਾਜਪਾ ਦੇ ਰਾਜ ਸਭਾ ਮੈਂਬਰ ਨੂੰ ਧੋਖਾਧੜੀ ਮਾਮਲੇ ‘ਚ ਈਡੀ ਵੱਲੋਂ ਸੰਮਨ

ਜਲੰਧਰ | 20 ਨਵੰਬਰ 2026 | ਅੰਮ੍ਰਿਤ ਜੱਸਲ

ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਪੰਜਾਬ ਆਧਾਰਿਤ ਵਿਊਨਾਓ ਗਰੁੱਪ ਨਾਲ ਜੁੜੇ ਬਹੁ-ਕਰੋੜੀ ਵਿੱਤੀ ਘੁਟਾਲੇ ਅਤੇ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (ਫੇਮਾ) ਦੀ ਉਲੰਘਣਾ ਦੇ ਮਾਮਲੇ ਵਿੱਚ ਪੁੱਛਗਿੱਛ ਲਈ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਜ ਸਭਾ ਮੈਂਬਰ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੂੰ ਸੰਮਨ ਜਾਰੀ ਕੀਤਾ ਹੈ।

ਇਹ ਸੰਮਨ ਈਡੀ ਦੇ ਜਲੰਧਰ ਜ਼ੋਨਲ ਦਫ਼ਤਰ ਵੱਲੋਂ ਜਾਰੀ ਕੀਤਾ ਗਿਆ ਹੈ। ਅਧਿਕਾਰਤ ਸੂਤਰਾਂ ਮੁਤਾਬਕ 57 ਸਾਲਾ ਸਤਨਾਮ ਸਿੰਘ ਸੰਧੂ ਨੂੰ ਪਹਿਲਾਂ 12 ਨਵੰਬਰ 2026 ਨੂੰ ਜਾਂਚ ਏਜੰਸੀ ਅੱਗੇ ਪੇਸ਼ ਹੋਣ ਲਈ ਕਿਹਾ ਗਿਆ ਸੀ, ਪਰ ਉਸ ਦਿਨ ਹਾਜ਼ਰ ਨਾ ਹੋਣ ਕਾਰਨ ਹੁਣ ਉਨ੍ਹਾਂ ਨੂੰ ਨਵਾਂ ਨੋਟਿਸ ਭੇਜ ਕੇ 25 ਨਵੰਬਰ 2026 ਨੂੰ ਜਲੰਧਰ ਦਫ਼ਤਰ ਵਿੱਚ ਪੇਸ਼ ਹੋਣ ਅਤੇ ਆਪਣਾ ਬਿਆਨ ਦਰਜ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਈਡੀ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਸਤਨਾਮ ਸਿੰਘ ਸੰਧੂ ਨੂੰ ਫਿਲਹਾਲ ਮਨੀ ਲਾਂਡਰਿੰਗ ਦੇ ਕਿਸੇ ਸਿੱਧੇ ਮਾਮਲੇ ਵਿੱਚ ਮੁਲਜ਼ਮ ਵਜੋਂ ਨਹੀਂ ਬੁਲਾਇਆ ਗਿਆ ਹੈ। ਦਰਅਸਲ, ਵਿਊਨਾਓ ਗਰੁੱਪ ਦੇ ਪੈਸਿਆਂ ਦੇ ਲੈਣ-ਦੇਣ ਦੀ ਜਾਂਚ ਦੌਰਾਨ ਏਜੰਸੀ ਨੂੰ ਪਤਾ ਲੱਗਿਆ ਕਿ ਵਿਊਨਾਓ ਗਰੁੱਪ ਦੀਆਂ ਕੰਪਨੀਆਂ ਵੱਲੋਂ ਸੰਧੂ ਨਾਲ ਜੁੜੀਆਂ ਕੁਝ ਸੰਸਥਾਵਾਂ ਨੂੰ ਫੰਡ ਟਰਾਂਸਫਰ ਕੀਤੇ ਗਏ ਸਨ। ਇਸ ਪੁੱਛਗਿੱਛ ਦਾ ਮੁੱਖ ਮਕਸਦ ਇਨ੍ਹਾਂ ਵਿੱਤੀ ਲੈਣ-ਦੇਣ ਦੇ ਸਮਝੌਤਿਆਂ, ਸਰੋਤ ਅਤੇ ਅਸਲ ਉਦੇਸ਼ ਦੀ ਪੁਸ਼ਟੀ ਕਰਨਾ ਹੈ। ਫਿਲਹਾਲ ਸਤਨਾਮ ਸਿੰਘ ਸੰਧੂ ਜਾਂ ਉਨ੍ਹਾਂ ਦੇ ਦਫ਼ਤਰ ਵੱਲੋਂ ਇਸ ਨੋਟਿਸ ਬਾਰੇ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।

ਇਹ ਵੱਡੀ ਜਾਂਚ ‘ਵਿਊਨਾਓ ਗਰੁੱਪ’ ਦੇ ਦੁਆਲੇ ਘੁੰਮਦੀ ਹੈ, ਜਿਸ ਵਿਰੁੱਧ ਈਡੀ ਸਾਲ 2024 ਤੋਂ ਮਨੀ ਲਾਂਡਰਿੰਗ ਰੋਕੂ ਐਕਟ (ਪੀਐਮਐਲਏ) ਅਤੇ ਫੇਮਾ ਤਹਿਤ ਜਾਂਚ ਕਰ ਰਹੀ ਹੈ। ਜਾਂਚ ਏਜੰਸੀ ਮੁਤਾਬਕ ਵਿਊਨਾਓ ਗਰੁੱਪ ਨੇ ਸੇਲ ਐਂਡ ਲੀਜ਼ ਬੈਕ ਮਾਡਲ ਦੀ ਵਰਤੋਂ ਕਰਦਿਆਂ ਇੱਕ ਵੱਡੀ ਸਕੀਮ ਚਲਾਈ, ਜਿਸ ਤਹਿਤ ਆਮ ਨਿਵੇਸ਼ਕਾਂ ਨੂੰ ਹਰ ਮਹੀਨੇ ਮੋਟੇ ਕਿਰਾਏ ਦਾ ਲਾਲਚ ਦੇ ਕੇ ਕਲਾਊਡ ਪਾਰਟੀਕਲ (ਡਾਟਾ ਸਟੋਰੇਜ ਯੂਨਿਟ) ਵੇਚੇ ਗਏ। ਈਡੀ ਅਨੁਸਾਰ ਕੰਪਨੀ ਨੇ ਨਿਵੇਸ਼ਕਾਂ ਤੋਂ ਲਗਭਗ 3,700 ਕਰੋੜ ਰੁਪਏ ਇਕੱਠੇ ਕੀਤੇ ਸਨ। ਇਸ ਵਿੱਚੋਂ ਕਰੀਬ 1,800 ਕਰੋੜ ਰੁਪਏ ਨਿਵੇਸ਼ਕਾਂ ਨੂੰ ਕਿਰਾਏ ਦੇ ਰੂਪ ਵਿੱਚ ਵਾਪਸ ਕੀਤੇ ਗਏ, ਜੋ ਕਿ ਨਵੇਂ ਨਿਵੇਸ਼ਕਾਂ ਤੋਂ ਪੈਸੇ ਲੈ ਕੇ ਪੁਰਾਣੇ ਨਿਵੇਸ਼ਕਾਂ ਨੂੰ ਦਿੱਤੇ ਜਾ ਰਹੇ ਸਨ, ਜਦੋਂ ਕਿ ਬਾਕੀ ਬਚੀ ਵੱਡੀ ਰਕਮ ਨੂੰ ਅਸਲ ਕਾਰੋਬਾਰ ਦੀ ਬਜਾਏ ਹੋਰ ਗੈਰ-ਕਾਨੂੰਨੀ ਕੰਮਾਂ ਅਤੇ ਨਿੱਜੀ ਫਾਇਦਿਆਂ ਲਈ ਵਰਤਿਆ ਗਿਆ। ਜਾਂਚ ਵਿੱਚ ਸਾਹਮਣੇ ਆਇਆ ਕਿ ਜ਼ਮੀਨੀ ਪੱਧਰ ‘ਤੇ ਅਜਿਹਾ ਕੋਈ ਕਲਾਊਡ ਪਾਰਟੀਕਲ ਕਾਰੋਬਾਰ ਮੌਜੂਦ ਹੀ ਨਹੀਂ ਸੀ। ਇਸ ਮਾਮਲੇ ਵਿੱਚ ਈਡੀ ਵੱਲੋਂ ਵਿਊਨਾਓ ਗਰੁੱਪ ਦੇ ਸੀਈਓ ਅਤੇ ਸੰਸਥਾਪਕ ਸੁਖਵਿੰਦਰ ਸਿੰਘ ਖਾਰੌਰ ਅਤੇ ਉਨ੍ਹਾਂ ਦੀ ਪਤਨੀ ਡਿੰਪਲ ਖਾਰੌਰ ਸਮੇਤ ਤਿੰਨ ਮੁੱਖ ਮੁਲਜ਼ਮਾਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

ਕੌਣ ਹਨ ਸਤਨਾਮ ਸਿੰਘ ਸੰਧੂ?

ਸਤਨਾਮ ਸਿੰਘ ਸੰਧੂ ਪੰਜਾਬ ਦੇ ਮੋਹਾਲੀ (ਘੜੂੰਆਂ) ਸਥਿਤ ਚੰਡੀਗੜ੍ਹ ਯੂਨੀਵਰਸਿਟੀ ਦੇ ਸੰਸਥਾਪਕ ਅਤੇ ਚਾਂਸਲਰ ਹਨ। ਸਿੱਖਿਆ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਪਾਏ ਯੋਗਦਾਨ ਸਦਕਾ ਭਾਰਤ ਦੇ ਰਾਸ਼ਟਰਪਤੀ ਵੱਲੋਂ ਜਨਵਰੀ 2024 ਵਿੱਚ ਉਨ੍ਹਾਂ ਨੂੰ ਰਾਜ ਸਭਾ ਲਈ ਨਾਮਜ਼ਦ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਹ ਰਸਮੀ ਤੌਰ ‘ਤੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ।

ਅਗਨੀਵੀਰ ਯੋਜਨਾ ਵਿੱਚ ਕੀਤੇ ਗਏ ਵੱਡੇ ਬਦਲਾਅ