ਪੰਜਾਬ ਕਾਂਗਰਸ ਦਾ ਕਾਟੋ ਕਲੇਸ਼ ਵਧਿਆ, ਦਿੱਲੀ ਦਰਬਾਰ ਪਹੁੰਚਿਆ ਚੰਨੀ ਧੜਾ

ਪੰਜਾਬ ਕਾਂਗਰਸ ਵਿੱਚ ਜਥੇਬੰਦਕ ਫੇਰਬਦਲ ਤੋਂ ਬਾਅਦ ਸ਼ੁਰੂ ਹੋਇਆ ਅੰਦਰੂਨੀ ਕਲੇਸ਼ ਹੁਣ ਦਿੱਲੀ ਹਾਈਕਮਾਂਡ ਦੇ ਬੂਹੇ ‘ਤੇ ਪਹੁੰਚ ਗਿਆ ਹੈ। ਚਰਨਜੀਤ ਸਿੰਘ ਚੰਨੀ ਦੇ ਹੱਕ ਵਿੱਚ ਮੋਰਿੰਡਾ ਵਿਖੇ ਹੋਏ ਸ਼ਕਤੀ ਪ੍ਰਦਰਸ਼ਨ ਤੋਂ ਬਾਅਦ, ਹੁਣ ਚੰਨੀ ਧੜੇ ਦੇ ਸੀਨੀਅਰ ਆਗੂਆਂ ਅਤੇ ਪ੍ਰਤੀਨਿਧੀਆਂ ਦਾ ਇੱਕ ਵਫ਼ਦ ਹਾਈਕਮਾਂਡ ਦੇ ਸੀਨੀਅਰ ਆਗੂਆਂ ਨੂੰ ਮਿਲਣ ਅਤੇ ਆਪਣੀਆਂ ਮੰਗਾਂ ਰੱਖਣ ਲਈ ਦਿੱਲੀ ਰਵਾਨਾ ਹੋ ਗਿਆ ਹੈ। ਇਹ ਕਦਮ ਅਜਿਹੇ ਸਮੇਂ ਚੁੱਕਿਆ ਗਿਆ ਹੈ ਜਦੋਂ ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਖੁਦ ਸੂਬੇ ਦੇ ਦੌਰੇ ‘ਤੇ ਹਨ, ਜਿਸ ਕਾਰਨ ਪਾਰਟੀ ਦੇ ਅੰਦਰੂਨੀ ਹਾਲਾਤ ਹੋਰ ਗੰਭੀਰ ਹੁੰਦੇ ਦਿਖਾਈ ਦੇ ਰਹੇ ਹਨ।

ਦੂਜੇ ਪਾਸੇ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਹੁਣ ਬਾਗੀ ਸੁਰਾਂ ਖਿਲਾਫ ਸਖ਼ਤ ਰੁਖ਼ ਅਖਤਿਆਰ ਕਰ ਲਿਆ ਹੈ। ਚੰਨੀ ਦੇ ਨਿਵਾਸ ਸਥਾਨ ‘ਤੇ ਹੋਈਆਂ ਬੈਠਕਾਂ ਅਤੇ ਜਨਤਕ ਤੌਰ ‘ਤੇ ਲੀਡਰਸ਼ਿਪ ਬਦਲਣ ਦੀਆਂ ਮੰਗਾਂ ‘ਤੇ ਬੋਲਦਿਆਂ ਵੜਿੰਗ ਨੇ ਸਪੱਸ਼ਟ ਚੇਤਾਵਨੀ ਦਿੱਤੀ ਹੈ ਕਿ ਪਾਰਟੀ ਵਿੱਚ ਕਿਸੇ ਵੀ ਤਰ੍ਹਾਂ ਦੀ ਅਨੁਸ਼ਾਸਨਹੀਣਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹਰ ਕਿਸੇ ਨੂੰ ਆਪਣੀ ਗੱਲ ਰੱਖਣ ਦਾ ਹੱਕ ਹੈ, ਪਰ ਜੇਕਰ ਕਿਸੇ ਨੇ ਪਾਰਟੀ ਦੇ ਦਾਇਰੇ ਤੋਂ ਬਾਹਰ ਜਾ ਕੇ ਅਨੁਸ਼ਾਸਨ ਭੰਗ ਕੀਤਾ ਤਾਂ ਉਸ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਹਾਲਾਂਕਿ, ਡੈਮੇਜ ਕੰਟਰੋਲ ਕਰਦੇ ਹੋਏ ਵੜਿੰਗ ਨੇ ਇਹ ਵੀ ਦਾਅਵਾ ਕੀਤਾ ਕਿ ਕਾਂਗਰਸ ਪੂਰੀ ਤਰ੍ਹਾਂ ਇੱਕਜੁੱਟ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਸਾਰੇ ਆਗੂ ਇੱਕੋ ਸਟੇਜ ‘ਤੇ ਇਕੱਠੇ ਨਜ਼ਰ ਆਉਣਗੇ।

ਇਸ ਦੌਰਾਨ, ਕਾਂਗਰਸ ਦੇ ਕੇਂਦਰੀ ਆਗੂ ਜੈਰਾਮ ਰਮੇਸ਼ ਨੇ ਵੀ ਦਿੱਲੀ ਵਿੱਚ ਇਸ ਸਥਿਤੀ ‘ਤੇ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਇੱਕ ਲੋਕਤੰਤਰੀ ਪਾਰਟੀ ਹੈ, ਜਿੱਥੇ ਕਿਸੇ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾਂਦਾ ਅਤੇ ਆਗੂਆਂ ਨੂੰ ਆਪਣੀ ਗੱਲ ਕਹਿਣ ਦੀ ਆਜ਼ਾਦੀ ਹੈ। ਉਨ੍ਹਾਂ ਮੰਨਿਆ ਕਿ ਪਾਰਟੀ ਵਿੱਚ ਅਨੁਸ਼ਾਸਨ ਜ਼ਰੂਰੀ ਹੈ, ਪਰ ਵੱਖ-ਵੱਖ ਆਵਾਜ਼ਾਂ ਹੋਣ ਦੇ ਬਾਵਜੂਦ ਸਾਰਿਆਂ ਦਾ ਨਿਸ਼ਾਨਾ ਇੱਕੋ ਹੈ। ਫਿਲਹਾਲ ਚੰਨੀ ਧੜੇ ਦੇ ਦਿੱਲੀ ਪਹੁੰਚਣ ਅਤੇ ਹਾਈਕਮਾਂਡ ਦੇ ਸੰਭਾਵੀ ਦਖਲ ਤੋਂ ਬਾਅਦ ਹੀ ਇਹ ਸਾਫ਼ ਹੋਵੇਗਾ ਕਿ ਪੰਜਾਬ ਕਾਂਗਰਸ ਦਾ ਇਹ ਵਿਵਾਦ ਕੀ ਮੋੜ ਲੈਂਦਾ ਹੈ।

SIR ਡਿਊਟੀ ਤੋਂ ਦੁਖੀ ਹੋ ਕੇ ਸਰਕਾਰੀ ਅਧਿਆਪਕ ਨੇ ਨਹਿਰ ਵਿੱਚ ਮਾਰੀ ਛਾਲ, ਮੌਤ
ਕੈਨੇਡਾ 'ਚ ਸਿੱਖ ਆਗੂ ਦੇ ਕਤਲ ਅਤੇ ਇੰਟਰਨੈਸ਼ਨਲ ਡਰੱਗ ਤਸਕਰੀ ਮਾਮਲੇ 'ਚ ਵੱਡਾ ਖੁਲਾਸਾ, ਅਮਰੀਕੀ ਏਜੰਸੀਆਂ ਨੇ ਪੰਜਾਬੀ ਗੈਂਗਸਟਰਾਂ ਦਾ ਅੰਤਰਰਾਸ਼ਟਰੀ ਨੈੱਟਵਰਕ ਹਿਲਾਇਆ