ਕੈਨੇਡਾ ‘ਚ ਸਿੱਖ ਆਗੂ ਦੇ ਕਤਲ ਅਤੇ ਇੰਟਰਨੈਸ਼ਨਲ ਡਰੱਗ ਤਸਕਰੀ ਮਾਮਲੇ ‘ਚ ਵੱਡਾ ਖੁਲਾਸਾ, ਅਮਰੀਕੀ ਏਜੰਸੀਆਂ ਨੇ ਪੰਜਾਬੀ ਗੈਂਗਸਟਰਾਂ ਦਾ ਅੰਤਰਰਾਸ਼ਟਰੀ ਨੈੱਟਵਰਕ ਹਿਲਾਇਆ

ਭਾਰਤ ਅਧਾਰਤ ਅੰਤਰਰਾਸ਼ਟਰੀ ਅਪਰਾਧਿਕ ਸਿੰਡੀਕੇਟਾਂ ਖ਼ਿਲਾਫ਼ ਅਮਰੀਕਾ, ਕੈਨੇਡਾ ਅਤੇ ਯੂਰਪ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਹੁਣ ਤੱਕ ਦੀ ਸਭ ਤੋਂ ਵੱਡੀ ਸਾਂਝੀ ਕਾਰਵਾਈ ਕੀਤੀ ਹੈ। ਅਮਰੀਕੀ ਨਿਆਂ ਵਿਭਾਗ (DOJ) ਵੱਲੋਂ ਜਾਰੀ ਪ੍ਰੈਸ ਨੋਟ ਮੁਤਾਬਕ ‘Operation Hard Ball’ ਤਹਿਤ ਅਮਰੀਕਾ, ਕੈਨੇਡਾ ਅਤੇ ਯੂਰਪ ਵਿੱਚ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕਰਕੇ ਕੁੱਲ 24 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ 11 ਮੁਲਜ਼ਮ ਇਕੱਲੇ ਕੈਲੀਫੋਰਨੀਆ ਤੋਂ ਫੜੇ ਗਏ ਹਨ। ਅਧਿਕਾਰੀਆਂ ਮੁਤਾਬਕ ਫੜ੍ਹੇ ਗਏ ਇਹ ਸਾਰੇ ਵਿਅਕਤੀ ਭਾਰਤ ਦੀਆਂ ਜੇਲ੍ਹਾਂ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰਿਆ ਦੇ ਅੰਤਰਰਾਸ਼ਟਰੀ ਨੈੱਟਵਰਕ ਨਾਲ ਸਬੰਧਤ ਹਨ।

ਇਸ ਮਾਮਲੇ ਵਿੱਚ ਅਮਰੀਕੀ ਅਦਾਲਤ ਵਿੱਚ ਤਿੰਨ ਵੱਖ-ਵੱਖ ਚਾਰਜਸ਼ੀਟਾਂ ਅਨਸੀਲ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਕੁੱਲ 37 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਇਨ੍ਹਾਂ ਵਿੱਚ ਭਾਰਤ ਦੀਆਂ ਜੇਲ੍ਹਾਂ ਵਿੱਚ ਬੰਦ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰਿਆ ਤੋਂ ਇਲਾਵਾ, ਬਾਹਰ ਫ਼ਰਾਰ ਚੱਲ ਰਹੇ ਉਨ੍ਹਾਂ ਦੇ ਮੁੱਖ ਸਾਜ਼ਿਸ਼ਘੜੇ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ (ਨੌਰਥ ਅਮਰੀਕਾ ਮੁਖੀ), ਰੋਹਿਤ ਗੋਦਾਰਾ (ਯੂਰਪ ਮੁਖੀ) ਅਤੇ ਸੁਖਰਾਜ ਸਿੰਘ ਕੰਗ ਦੇ ਨਾਮ ਪ੍ਰਮੁੱਖ ਤੌਰ ‘ਤੇ ਸ਼ਾਮਲ ਹਨ। ਅਮਰੀਕੀ ਏਜੰਸੀਆਂ ਮੁਤਾਬਕ ਲਾਰੈਂਸ ਬਿਸ਼ਨੋਈ ਜੇਲ੍ਹ ਦੇ ਅੰਦਰੋਂ ਹੀ ਮੋਬਾਈਲ ਫ਼ੋਨਾਂ ਅਤੇ ਇੰਟਰਨੈੱਟ ਰਾਹੀਂ ਇਸ ਅੰਤਰਰਾਸ਼ਟਰੀ ਨੈੱਟਵਰਕ ਨੂੰ ਚਲਾ ਰਿਹਾ ਸੀ।

ਇਸ ਜਾਂਚ ਦੌਰਾਨ ਕੈਲੀਫੋਰਨੀਆ ਦੇ ਸਟਾਕਟਨ ਤੋਂ ਗੁਰਲਾਲ ਸਿੰਘ (22 ਸਾਲ) ਨਾਮ ਦੇ ਇੱਕ ਨੌਜਵਾਨ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ ਗੈਰ-ਕਾਨੂੰਨੀ ਤੌਰ ‘ਤੇ ਅਮਰੀਕਾ ਵਿੱਚ ਰਹਿ ਰਿਹਾ ਸੀ ਅਤੇ ਜੱਗੂ ਭਗਵਾਨਪੁਰਿਆ ਗੈਂਗ ਲਈ ਕੰਮ ਕਰਦਾ ਸੀ। ਦੋਸ਼ ਹੈ ਕਿ ਗੁਰਲਾਲ ਨੇ ਪੰਜਾਬ ਦੇ ਇੱਕ ਵਿਅਕਤੀ ਨੂੰ ਧਮਕਾ ਕੇ ਉਸ ਦੀ ਜਾਣਕਾਰੀ ਪੰਜਾਬ ਪੁਲਿਸ ਦੇ ਇੱਕ ਭ੍ਰਿਸ਼ਟ ਅਧਿਕਾਰੀ ਨੂੰ ਦਿੱਤੀ, ਜਿਸ ਤੋਂ ਬਾਅਦ ਉਸ ਅਧਿਕਾਰੀ ਨੇ ਪੀੜਤ ਪਰਿਵਾਰ ਨੂੰ ਭਾਰਤ ਵਿੱਚ ਇੱਕ ਕਤਲ ਕੇਸ ਵਿੱਚ ਝੂਠਾ ਫਸਾ ਕੇ ਲੱਖਾਂ ਰੁਪਏ ਦੀ ਉਗਰਾਹੀ ਕੀਤੀ। ਇਸ ਦੇ ਨਾਲ ਹੀ ਕੈਨੇਡਾ ਦੇ ਵੈਨਕੂਵਰ ਤੋਂ ਰਵਿੰਦਰ ਸਿੰਘ ਢੰਡਾ ਉਰਫ਼ ਜੋਨ ਵਿੱਕ, ਜਸਕਰਨ ਬਾਗੜੀ ਉਰਫ਼ ਬਾਬਾ ਅਤੇ ਗੁਰਤੇਜ ਸਿੰਘ ਸਮਾਘ ਉਰਫ਼ ਸਿੰਬਾ ਵਰਗੇ ਵੱਡੇ ਨਸ਼ਾ ਤਸਕਰਾਂ ਨੂੰ ਵੀ ਇਸ ਨੈੱਟਵਰਕ ਨਾਲ ਜੋੜ ਕੇ ਨਾਮਜ਼ਦ ਕੀਤਾ ਗਿਆ ਹੈ, ਜੋ ਲੌਂਗ-ਰੂਟ ਟਰੱਕਾਂ ਰਾਹੀਂ ਅਮਰੀਕਾ ਤੋਂ ਕੈਨੇਡਾ ਵਿੱਚ ਸੈਂਕੜੇ ਕਿਲੋ ਨਸ਼ਾ ਸਪਲਾਈ ਕਰਦੇ ਸਨ।

ਅਮਰੀਕੀ ਜਾਂਚ ਏਜੰਸੀ ਐਫਬੀਆਈ (FBI) ਅਤੇ ਕੈਨੇਡੀਅਨ ਪੁਲਿਸ (RCMP) ਮੁਤਾਬਕ ਇਨ੍ਹਾਂ ਗੈਂਗਾਂ ‘ਤੇ ਸਾਲ 2023 ਵਿੱਚ ਕੈਨੇਡਾ ਦੇ ਸਰੀ (ਬ੍ਰਿਟਿਸ਼ ਕੋਲੰਬੀਆ) ਸਥਿਤ ਗੁਰਦੁਆਰਾ ਸਾਹਿਬ ਦੇ ਬਾਹਰ ਸਿੱਖ ਆਗੂ ਹਰਦੀਪ ਸਿੰਘ ਨਿੱਝਰ (ਅਦਾਲਤੀ ਦਸਤਾਵੇਜ਼ਾਂ ਵਿੱਚ H.S.N.) ਦੇ ਕਤਲ ਦੀ ਸਾਜ਼ਿਸ਼ ਰਚਣ ਅਤੇ ਹੁਕਮ ਦੇਣ ਦੇ ਗੰਭੀਰ ਦੋਸ਼ ਹਨ। ਇਸ ਤੋਂ ਇਲਾਵਾ ਨਵੰਬਰ 2023 ਵਿੱਚ ਵੈਨਕੂਵਰ ਵਿੱਚ ਇੱਕ ਮਸ਼ਹੂਰ ਭਾਰਤੀ ਅਦਾਕਾਰ ਤੇ ਗਾਇਕ ਦੇ ਘਰ ਹੋਈ ਫਾਇਰਿੰਗ ਦੀ ਜ਼ਿੰਮੇਵਾਰੀ ਲੈਣ ਅਤੇ ਸੋਸ਼ਲ ਮੀਡੀਆ ‘ਤੇ ਪੰਜਾਬੀ ਵਿੱਚ ਧਮਕੀਆਂ ਦੇਣ ਦਾ ਵੀ ਜ਼ਿਕਰ ਚਾਰਜਸ਼ੀਟ ਵਿੱਚ ਕੀਤਾ ਗਿਆ ਹੈ।

ਇਸ ਵੱਡੇ ਅੰਤਰਰਾਸ਼ਟਰੀ ਆਪ੍ਰੇਸ਼ਨ ਦੌਰਾਨ ਏਜੰਸੀਆਂ ਨੇ ਵੱਖ-ਵੱਖ ਥਾਵਾਂ ‘ਤੇ 30 ਤੋਂ ਵੱਧ ਸਰਚ ਵਾਰੰਟ ਤਾਮਿਲ ਕਰਦਿਆਂ ਲਗਭਗ 1,000 ਕਿਲੋ ਕੋਕੀਨ, 1 ਕਿਲੋ ਹੈਰੋਇਨ, ਦਰਜਨ ਦੇ ਕਰੀਬ ਹਥਿਆਰ (ਜਿਨ੍ਹਾਂ ਵਿੱਚ ਮਸ਼ੀਨ ਗਨ ਵੀ ਸ਼ਾਮਲ ਹੈ) ਅਤੇ ਹਜ਼ਾਰਾਂ ਡਾਲਰ ਦੀ ਨਕਦੀ ਬਰਾਮਦ ਕੀਤੀ ਹੈ। ਅਮਰੀਕੀ ਨਿਆਂ ਵਿਭਾਗ ਨੇ ਸਪਸ਼ਟ ਕੀਤਾ ਹੈ ਕਿ ਫ਼ਰਾਰ ਚੱਲ ਰਹੇ ਬਾਕੀ 10 ਮੁਲਜ਼ਮਾਂ ਦੀ ਭਾਲ ਲਈ ਭਾਰਤ ਸਮੇਤ ਕਈ ਦੇਸ਼ਾਂ ਦੀਆਂ ਏਜੰਸੀਆਂ ਨਾਲ ਮਿਲ ਕੇ ਕਾਰਵਾਈ ਜਾਰੀ ਹੈ ਅਤੇ ਦੋਸ਼ ਸਾਬਤ ਹੋਣ ‘ਤੇ ਇਨ੍ਹਾਂ ਮੁਲਜ਼ਮਾਂ ਨੂੰ 10 ਸਾਲ ਤੋਂ ਲੈ ਕੇ ਉਮਰ ਕੈਦ ਤੱਕ ਦੀ ਸਜ਼ਾ ਹੋ ਸਕਦੀ ਹੈ।

ਪੰਜਾਬ ਕਾਂਗਰਸ ਦਾ ਕਾਟੋ ਕਲੇਸ਼ ਵਧਿਆ, ਦਿੱਲੀ ਦਰਬਾਰ ਪਹੁੰਚਿਆ ਚੰਨੀ ਧੜਾ
ਪ੍ਰਸ਼ਾਸਨ ਦੀ ਬੇਰੁਖੀ ਕਾਰਨ ਅੰਗਹੀਣ ਸੜਕਾਂ 'ਤੇ ਰੁਲਣ ਲਈ ਮਜ਼ਬੂਰ, ਪੰਜਾਬ ਭਰ ਤੋਂ ਆਏ ਦਿਵਿਆਂਗਾਂ ਨੇ ਬਠਿੰਡਾ ਮਾਨਸਾ ਮੁੱਖ ਮਾਰਗ ਕੀਤਾ ਜਾਮ