SIR ਡਿਊਟੀ ਤੋਂ ਦੁਖੀ ਹੋ ਕੇ ਸਰਕਾਰੀ ਅਧਿਆਪਕ ਨੇ ਨਹਿਰ ਵਿੱਚ ਮਾਰੀ ਛਾਲ, ਮੌਤ

ਅਪਰ ਬਾਰੀ ਦੁਆਬ ਨਹਿਰ ਵਿੱਚ ਇੱਕ ਸਰਕਾਰੀ ਅਧਿਆਪਕ ਵੱਲੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਸਲੋਪੁਰ ਦਾ ਰਹਿਣ ਵਾਲਾ ਅਧਿਆਪਕ ਗੁਰਪ੍ਰੀਤ ਸਿੰਘ (ਪੁੱਤਰ ਮਹਿੰਦਰ ਸਿੰਘ), ਜੋ ਕਿ ਸਰਕਾਰੀ ਸਕੂਲ ਭੈਣੀ ਮੀਆਂ ਖ਼ਾਨ ਵਿਖੇ ਤਾਇਨਾਤ ਸੀ, ਨੇ ਅੱਜ ਸਵੇਰੇ ਅਪਰ ਬਾਰੀ ਦੁਆਬ ਨਹਿਰ ਦੇ ਭੱਠੀਆਂ ਪੁਲ ਤੋਂ ਕਥਿਤ ਤੌਰ ‘ਤੇ ਛਾਲ ਮਾਰ ਦਿੱਤੀ।

ਘਟਨਾ ਦਾ ਪਤਾ ਲੱਗਦਿਆਂ ਹੀ ਨਹਿਰ ਕਿਨਾਰੇ ਵੱਡੀ ਗਿਣਤੀ ਵਿੱਚ ਸਥਾਨਕ ਲੋਕਾਂ, ਸਾਥੀ ਅਧਿਆਪਕਾਂ ਅਤੇ ਪੀੜਤ ਪਰਿਵਾਰ ਦੇ ਰਿਸ਼ਤੇਦਾਰਾਂ ਦਾ ਤਾਂਤਾ ਲੱਗ ਗਿਆ। ਇਸ ਮੌਕੇ ਮੌਜੂਦ ਸਾਥੀ ਅਧਿਆਪਕਾਂ ਗੁਰਪ੍ਰਤਾਪ ਸਿੰਘ, ਸਿਮਰਨ ਸਿੰਘ ਅਤੇ ਪਿੰਡ ਦੇ ਸਰਪੰਚ ਕੌਸ਼ਲ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਨੇ ਅੱਜ ਸਵੇਰੇ ਆਪਣੇ ਸਾਥੀ ਅਧਿਆਪਕ ਗੁਰਪ੍ਰਤਾਪ ਸਿੰਘ ਨੂੰ ਫ਼ੋਨ ਕੀਤਾ ਸੀ। ਉਸ ਨੇ ਫ਼ੋਨ ‘ਤੇ ਦੱਸਿਆ ਕਿ ਉਹ ਪਿੰਡ ਭੱਠੀਆਂ ਦੇ ਨਹਿਰ ਵਾਲੇ ਪੁਲ ਕੋਲ ਖੜ੍ਹਾ ਹੈ ਅਤੇ ਲਾਗੇ ਹੀ ਉਸ ਦੀ ਕਾਰ ਖੜ੍ਹੀ ਹੈ, ਜਿਸ ਵਿੱਚ ਉਸ ਦਾ ਸਾਰਾ ਸਾਮਾਨ ਪਿਆ ਹੈ।

ਗੁਰਪ੍ਰੀਤ ਸਿੰਘ ਨੇ ਫ਼ੋਨ ‘ਤੇ ਗੱਲ ਕਰਦਿਆਂ ਕਿਹਾ ਕਿ ਉਹ SIR (ਸਕੂਲ ਸਿੱਖਿਆ ਨਾਲ ਸਬੰਧਿਤ ਕਿਸੇ ਸਰਵੇ/ਰਿਪੋਰਟ ਜਾਂ ਵਿਭਾਗੀ ਕੰਮ) ਦੇ ਬੋਝ ਕਾਰਨ ਬਹੁਤ ਜ਼ਿਆਦਾ ਪਰੇਸ਼ਾਨ ਹੋ ਚੁੱਕਾ ਹੈ। ਗੁਰਪ੍ਰਤਾਪ ਸਿੰਘ ਅਨੁਸਾਰ ਗੁਰਪ੍ਰੀਤ ਸਿੰਘ ਨੇ ਆਖ਼ਰ ਵਿੱਚ ਕਿਹਾ ਕਿ ਉਹ ਇਸ ਮਸਲੇ ਤੋਂ ਬੇਹੱਦ ਦੁਖੀ ਹੈ ਅਤੇ ਉਸ ਕੋਲੋਂ ਇਹ ਕੰਮ ਜਲਦੀ ਨਿਬੜ ਵੀ ਨਹੀਂ ਰਿਹਾ, ਜਿਸ ਦੇ ਮਾਨਸਿਕ ਬੋਝ ਕਾਰਨ ਉਹ ਹੁਣ ਨਹਿਰ ਵਿੱਚ ਛਾਲ ਮਾਰਨ ਲੱਗਾ ਹੈ।

ਇਸ ਤੋਂ ਇਲਾਵਾ ਨੇੜਲੇ ਖੇਤਾਂ ਵਿੱਚ ਕੰਮ ਕਰ ਰਹੇ ਇੱਕ ਕਿਸਾਨ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਸ ਨੇ ਇੱਕ ਵਿਅਕਤੀ ਨੂੰ ਨਹਿਰ ਕੰਢੇ ਕਾਰ ਖੜ੍ਹੀ ਕਰਕੇ ਜਾਂਦੇ ਹੋਏ ਦੇਖਿਆ ਸੀ, ਪਰ ਉਸ ਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਉਹ ਵਿਅਕਤੀ ਖ਼ੁਦਕੁਸ਼ੀ ਕਰਨ ਜਾ ਰਿਹਾ ਹੈ। ਗੁਰਪ੍ਰੀਤ ਦੀ ਲਾਸ਼ ਤੁਗਲਵਾਲ ਦੇ ਨਜ਼ਦੀਕ ਮਿਲੀ ਹੈ।

ਪੀਐਮ ਮੋਦੀ ਦੀ ਇੰਡੋਨੇਸ਼ੀਆ ਫੇਰੀ: ਸੰਸਦ ਨੂੰ ਸੰਬੋਧਨ ਕਰਨ ਵਾਲੇ ਬਣੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ
ਪੰਜਾਬ ਕਾਂਗਰਸ ਦਾ ਕਾਟੋ ਕਲੇਸ਼ ਵਧਿਆ, ਦਿੱਲੀ ਦਰਬਾਰ ਪਹੁੰਚਿਆ ਚੰਨੀ ਧੜਾ