ਖੇਤੀ ਮੋਟਰਾਂ ਦੀ ਬਿਜਲੀ ਦੇ ਕੱਟਾਂ ਤੋਂ ਪ੍ਰੇਸ਼ਾਨ ਕਿਸਾਨਾਂ ਨੇ ਤਿੱਖਾ ਸੰਘਰਸ਼ ਵਿੱਢਣ ਦੀ ਦਿੱਤੀ ਚੇਤਾਵਨੀ

ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਦੀ ਮਾੜੀ ਸਪਲਾਈ ਨੂੰ ਲੈ ਕੇ ਕਿਸਾਨਾਂ ਨੇ ਸੰਘਰਸ਼ ਵਿੱਢਣ ਦੀ ਚੇਤਾਵਨੀ ਦਿੱਤੀ ਹੈ। ਇਸ ਮਸਲੇ ਦੇ ਸਬੰਧ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਅਗਵਾਈ ਹੇਠ ਕਿਸਾਨ ਅੱਜ ਐਸਡੀਓ ਮੰਡਲ ਭੁੱਚੋ ਕਲਾਂ ਨੂੰ ਮਿਲੇ ਅਤੇ ਉਨ੍ਹਾਂ ਨੂੰ ਇੱਕ ਮੰਗ ਪੱਤਰ ਸੌਂਪਿਆ।
ਬੀਕੇਯੂ ਏਕਤਾ ਡਕੌਂਦਾ ਦੇ ਆਗੂ ਅਮਰਜੀਤ ਸਿੰਘ ਹਨੀ ਨੇ ਦੱਸਿਆ ਕਿ ਭੁੱਚੋ ਕਲਾਂ ਮੰਡਲ ਅਧੀਨ ਆਉਂਦੇ ਭਾਗੂ ਫੀਡਰ ਦੇ ਪਿੰਡ ਭੁੱਚੋ ਖੁਰਦ ਦੇ ਕਿਸਾਨ ਬਿਜਲੀ ਦੇ ਲਗਾਤਾਰ ਲੱਗ ਰਹੇ ਕੱਟਾਂ ਤੋਂ ਬੇਹੱਦ ਪਰੇਸ਼ਾਨ ਹਨ। ਖੇਤੀ ਮੋਟਰਾਂ ਦੀ ਬਿਜਲੀ ਸਪਲਾਈ ਠੱਪ ਹੋਣ ਕਾਰਨ ਕਿਸਾਨਾਂ ਦੀ ਝੋਨੇ ਦੀ ਫਸਲ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਜਦੋਂ ਇਸ ਸਬੰਧੀ ਐਸਡੀਓ ਨਾਲ ਗੱਲਬਾਤ ਕੀਤੀ ਗਈ ਤਾਂ ਐਸਡੀਓ ਨੇ ਸਿਰਫ਼ ਇੰਨੀ ਕੁ ਗੱਲ ਕਹੀ ਕਿ ਮੁਲਾਜ਼ਮਾਂ ਦੀ ਹੜਤਾਲ ਹੋਣ ਕਰਕੇ ਬਿਜਲੀ ਦੀ ਸਪਲਾਈ ਪ੍ਰਭਾਵਿਤ ਹੋ ਰਹੀ ਹੈ, ਪਰ ਇਸ ਤੋਂ ਇਲਾਵਾ ਕੋਈ ਠੋਸ ਹੱਲ ਜਾਂ ਭਰੋਸਾ ਨਹੀਂ ਦਿੱਤਾ ਗਿਆ।
ਇਸ ਮੌਕੇ ਪਿੰਡ ਕਮੇਟੀ ਦੇ ਆਗੂ ਕਸ਼ਮੀਰਾ ਸਿੰਘ ਭਾਈਕਾ ਨੇ ਪੰਜਾਬ ਸਰਕਾਰ ‘ਤੇ ਤਿੱਖੇ ਨਿਸ਼ਾਨੇ ਸਾਧੇ। ਉਨ੍ਹਾਂ ਦੋਸ਼ ਲਾਇਆ ਕਿ ਇੱਕ ਪਾਸੇ ਮੁੱਖ ਮੰਤਰੀ ਵੱਡੇ-ਵੱਡੇ ਦਾਅਵੇ ਕਰ ਰਹੇ ਹਨ ਕਿ ਕਿਸਾਨਾਂ ਨੂੰ ਲਗਾਤਾਰ ਬਿਜਲੀ ਦੀ ਸਪਲਾਈ ਦਿੱਤੀ ਜਾ ਰਹੀ ਹੈ, ਪਰ ਦੂਜੇ ਪਾਸੇ ਹਕੀਕਤ ਇਸ ਦੇ ਬਿਲਕੁਲ ਉਲਟ ਹੈ। ਭੁੱਚੋ ਖੁਰਦ ਦੇ ਖੇਤਾਂ ਵਿੱਚ ਲਗਾਤਾਰ ਲੰਬੇ ਕੱਟ ਲੱਗ ਰਹੇ ਹਨ, ਜਿਸ ਨਾਲ ਝੋਨੇ ਦਾ ਨੁਕਸਾਨ ਹੋ ਰਿਹਾ ਹੈ। ਇਸ ਦੇ ਨਾਲ ਹੀ ਹੁਣ ਘਰਾਂ ਵਾਲੀ ਬਿਜਲੀ ‘ਤੇ ਵੀ ਦੋ ਤੋਂ ਤਿੰਨ-ਤਿੰਨ ਘੰਟੇ ਦੇ ਕੱਟ ਲੱਗਣੇ ਸ਼ੁਰੂ ਹੋ ਗਏ ਹਨ, ਜਿਸ ਕਾਰਨ ਅਜਿਹੀ ਹਾਲਤ ਵਿੱਚ ਕਿਸਾਨਾਂ ਲਈ ਫਸਲ ਪਾਲਣਾ ਬਹੁਤ ਔਖਾ ਹੋ ਗਿਆ ਹੈ।
ਕਿਸਾਨ ਜਥੇਬੰਦੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਿਸਾਨਾਂ ਨੂੰ ਖੇਤੀ ਮੋਟਰਾਂ ਲਈ 12 ਘੰਟੇ ਅਤੇ ਘਰਾਂ ਵਾਲੀ ਬਿਜਲੀ ਦੀ ਸਪਲਾਈ 24 ਘੰਟੇ ਯਕੀਨੀ ਬਣਾਈ ਜਾਵੇ। ਸਰਕਾਰ ਨੂੰ ਸਖਤ ਚੇਤਾਵਨੀ ਦਿੰਦਿਆਂ ਆਗੂਆਂ ਨੇ ਕਿਹਾ ਕਿ ਜੇਕਰ ਇਸ ਗੰਭੀਰ ਮਸਲੇ ਵੱਲ ਤੁਰੰਤ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।

ਦਰੱਖਤ ਡਿੱਗਣ ਕਾਰਨ ਸਕੂਲ ਬੱਸ ਹਾਦਸਾਗ੍ਰਸਤ, 1 ਬੱਚੇ ਦੀ ਮੌਤ ਅਤੇ 10 ਜ਼ਖਮੀ
ਅਮਰਨਾਥ ਯਾਤਰਾ 'ਤੇ ਜਾ ਰਹੇ ਸ਼ਰਧਾਲੂਆਂ ਦੀ ਗੱਡੀ ਹਾਦਸਾਗ੍ਰਸਤ, 4 ਦੀ ਮੌਤ