ਹਿਮਾਚਲ ਮੰਗ ਰਿਹਾ ਹੈ ਚੰਡੀਗੜ੍ਹ ‘ਚ ਹਿੱਸਾ

ਪੰਜਾਬ ਅਤੇ ਹਰਿਆਣਾ ਤੋਂ ਬਾਅਦ ਹੁਣ ਹਿਮਾਚਲ ਪ੍ਰਦੇਸ਼ ਨੇ ਵੀ ਚੰਡੀਗੜ੍ਹ ਵਿੱਚ ਆਪਣਾ ਹਿੱਸਾ ਮੰਗਣਾ ਸ਼ੁਰੂ ਕਰ ਦਿੱਤਾ ਹੈ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਨੇ ਚੰਡੀਗੜ੍ਹ ਦੇ ਪ੍ਰਸ਼ਾਸਕ ਅਤੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕਰਕੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੀ ਜ਼ਮੀਨ ਅਤੇ ਸੰਪਤੀਆਂ ਵਿੱਚ ਹਿਮਾਚਲ ਦੇ 7.19 ਫੀਸਦੀ ਹਿੱਸੇ ਦਾ ਦਾਅਵਾ ਮੁੜ ਦੁਹਰਾਇਆ ਹੈ।

ਮੁੱਖ ਮੰਤਰੀ ਸੁਖੂ ਨੇ ਪੰਜਾਬ ਪੁਨਰਗਠਨ ਐਕਟ 1966 ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਹਿਮਾਚਲ ਪ੍ਰਦੇਸ਼ ਤਤਕਾਲੀ ਪੰਜਾਬ ਦਾ ਹੀ ਇੱਕ ਉੱਤਰਾਧਿਕਾਰੀ ਰਾਜ ਹੈ, ਇਸ ਲਈ ਆਬਾਦੀ ਦੇ ਅਨੁਪਾਤ ਅਨੁਸਾਰ ਚੰਡੀਗੜ੍ਹ ਵਿੱਚ ਉਸ ਦਾ ਬਣਦਾ ਜਾਇਜ਼ ਹਿੱਸਾ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੀ ਸਥਾਪਨਾ ਅਣਵੰਡੇ ਪੰਜਾਬ ਦੇ ਸਾਂਝੇ ਸਰੋਤਾਂ ਨਾਲ ਹੋਈ ਸੀ, ਜਿਸ ਦਾ ਲਾਭ ਪਿਛਲੇ ਪੰਜ ਦਹਾਕਿਆਂ ਤੋਂ ਪੰਜਾਬ ਅਤੇ ਹਰਿਆਣਾ ਉਠਾ ਰਹੇ ਹਨ ਪਰ ਹਿਮਾਚਲ ਨੂੰ ਅਜੇ ਤੱਕ ਉਸ ਦਾ ਹੱਕ ਨਹੀਂ ਮਿਲਿਆ।

ਰਾਜਪਾਲ ਨਾਲ ਹੋਈ ਇਸ ਉੱਚ ਪੱਧਰੀ ਬੈਠਕ ਦੌਰਾਨ ਚੰਡੀਗੜ੍ਹ ਵਿੱਚ ਹਿੱਸੇਦਾਰੀ ਤੋਂ ਇਲਾਵਾ ਹਿਮਾਚਲ ਦੇ ਲੋਕਾਂ ਦੀ ਸਹੂਲਤ ਲਈ ਇੱਥੇ ਇੱਕ ਹੋਰ ‘ਹਿਮਾਚਲ ਸਦਨ’ ਬਣਾਉਣ ਲਈ ਸੈਕਟਰ 52 ਵਿੱਚ 4.736 ਏਕੜ ਜ਼ਮੀਨ ਅਲਾਟ ਕਰਨ ਦੀ ਮੰਗ ਵੀ ਕੀਤੀ ਗਈ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) ਦੇ ਪ੍ਰੋਜੈਕਟਾਂ ਵਿੱਚ ਸੁਪਰੀਮ ਕੋਰਟ ਦੇ 2011 ਦੇ ਫੈਸਲੇ ਅਨੁਸਾਰ ਹਿਮਾਚਲ ਦੇ 7.19 ਫੀਸਦੀ ਹਿੱਸੇ ਦੇ ਬਕਾਏ ਅਤੇ ਇਤਿਹਾਸਕ ਸ਼ਾਨਨ ਹਾਈਡ੍ਰੋਇਲੈਕਟ੍ਰਿਕ ਪ੍ਰੋਜੈਕਟ ਦੇ ਮਾਮਲੇ ਨੂੰ ਜਲਦੀ ਸੁਲਝਾਉਣ ਲਈ ਰਾਜਪਾਲ ਦੇ ਸਹਿਯੋਗ ਦੀ ਮੰਗ ਕੀਤੀ ਹੈ।

ਅਕਾਲ ਤਖ਼ਤ ਸਾਹਿਬ ਬਾਰੇ ਪੁੱਛੇ ਸਵਾਲ ਦਾ ਸਪਸ਼ਟ ਜਵਾਬ ਦੇਣ ਤੋਂ ਭੱਜਦੇ ਨਜ਼ਰ ਆਏ ਖੁੱਡੀਆਂ
ਤਖ਼ਤ ਸ੍ਰੀ ਹਜ਼ੂਰ ਸਾਹਿਬ ਬੋਰਡ ਦੀ ਖ਼ੁਦਮੁਖਤਿਆਰੀ 'ਤੇ ਸੰਕਟ: ਹਰਸਿਮਰਤ ਕੌਰ ਬਾਦਲ ਵੱਲੋਂ ਦੇਵੇਂਦਰ ਫੜਨਵੀਸ ਨੂੰ ਚਿੱਠੀ