ਭਗਵੰਤ ਮਾਨ ਨੂੰ ਬਚਾਉਣ ਲਈ ਜਾਹਲੀ ਰਿਪੋਰਟ ਬਣਾਉਣ ਵਾਲੀ ਫੋਰੈਂਸਿਕ ਲੈਬ ‘ਤੇ ਹੋਈ ਪੁਲਿਸ ਕਾਰਵਾਈ – ਸੁਖਪਾਲ ਸਿੰਘ ਖਹਿਰਾ ਦਾ ਵੱਡਾ ਧਮਾਕਾ

ਕਾਂਗਰਸੀ ਵਿਧਾਇਕ ਅਤੇ ਸੀਨੀਅਰ ਆਗੂ ਸੁਖਪਾਲ ਸਿੰਘ ਖਹਿਰਾ ਨੇ ਇੱਕ ਵੀਡੀਓ ਜਾਰੀ ਕਰਕੇ ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਤਿੱਖੇ ਨਿਸ਼ਾਨੇ ਸਾਧੇ ਹਨ। ਖਹਿਰਾ ਨੇ ਦਾਅਵਾ ਕੀਤਾ ਹੈ ਕਿ ਭਗਵੰਤ ਮਾਨ ਨੂੰ ਇੱਕ ਵੀਡੀਓ ਮਾਮਲੇ ਵਿੱਚ ਬਚਾਉਣ ਲਈ ਜਿਸ ਲੈਬ ਤੋਂ ਫੋਰੈਂਸਿਕ ਰਿਪੋਰਟ ਤਿਆਰ ਕਰਵਾਈ ਗਈ ਸੀ, ਉਸ ਦੇ ਮਾਲਕਾਂ ਨੂੰ ਗੁੜਗਾਉਂ ਪੁਲਿਸ ਨੇ ਕਾਬੂ ਕਰ ਲਿਆ ਹੈ। ਸੁਖਪਾਲ ਖਹਿਰਾ ਨੇ ਦੱਸਿਆ ਕਿ ਗੁੜਗਾਉਂ ਪੁਲਿਸ ਦੀ ਪੁੱਛਗਿੱਛ ਦੌਰਾਨ ਉਕਤ ਲੈਬ ਦੇ ਮਾਲਕਾਂ ਨੇ ਆਨ-ਕੈਮਰਾ ਇਹ ਸਵੀਕਾਰ ਕੀਤਾ ਹੈ ਕਿ ਉਨ੍ਹਾਂ ਵੱਲੋਂ ਤਿਆਰ ਕੀਤੀ ਗਈ ਰਿਪੋਰਟ ਪੂਰੀ ਤਰ੍ਹਾਂ ਫਰਜ਼ੀ ਸੀ। ਉਨ੍ਹਾਂ ਇਹ ਵੀ ਕਬੂਲਿਆ ਹੈ ਕਿ ਪੰਜਾਬ ਪੁਲਿਸ ਦੇ ਇੱਕ ਉੱਚ ਅਧਿਕਾਰੀ ਨੇ ਇਸ ਫਰਜ਼ੀ ਰਿਪੋਰਟ ਨੂੰ ਤਿਆਰ ਕਰਵਾਉਣ ਲਈ ਉਨ੍ਹਾਂ ਨੂੰ ਪੇਮੈਂਟ ਕੀਤੀ ਸੀ। ਖਹਿਰਾ ਅਨੁਸਾਰ ਹਰਿਆਣਾ ਪੁਲਿਸ ਦੇ ਸਾਈਬਰ ਕਰਾਈਮ ਸੈੱਲ ਕੋਲ ਇਸ ਸਾਰੀ ਗੱਲਬਾਤ ਦੀ ਵੀਡੀਓ ਅਤੇ ਪੰਜਾਬ ਪੁਲਿਸ ਅਧਿਕਾਰੀ ਨਾਲ ਹੋਈ ਚੈਟ ਦੇ ਪੁਖਤਾ ਸਬੂਤ ਮੌਜੂਦ ਹਨ।

ਖਹਿਰਾ ਨੇ ਵੀਡੀਓ ਦੌਰਾਨ ਉਸ ਲੈਬ ਦੀ 10 ਪੰਨਿਆਂ ਦੀ ਰਿਪੋਰਟ ਦਿਖਾਉਂਦਿਆਂ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਇਹ ਰਿਪੋਰਟ ਪਹਿਲੇ 5 ਨੁਕਤਿਆਂ ਨੂੰ ਛੱਡ ਕੇ ਸਿੱਧਾ 6ਵੇਂ ਪੁਆਇੰਟ ਤੋਂ ਸ਼ੁਰੂ ਹੁੰਦੀ ਹੈ। ਇਸ ਦੇ ਆਖਰੀ ਪੰਨੇ ‘ਤੇ ਨਾ ਤਾਂ ਕਿਸੇ ਅਧਿਕਾਰੀ ਦੇ ਦਸਤਖਤ ਹਨ ਅਤੇ ਨਾ ਹੀ ਲੈਬ ਨੇ ਇਸ ਨੂੰ ਅਟੈਸਟ ਜਾਂ ਵੈਰੀਫਾਈ ਕੀਤਾ ਹੈ। ਉਨ੍ਹਾਂ ਕਿਹਾ ਕਿ 1141 ਫਰੇਮਾਂ ਦੀ ਜਾਂਚ ਮਹਿਜ਼ 24 ਘੰਟਿਆਂ ਵਿੱਚ ਕਰਕੇ ਕਲੀਨ ਚਿੱਟ ਦੇਣਾ ਸਿੱਧੇ ਤੌਰ ‘ਤੇ ਇੱਕ ਸਾਜ਼ਿਸ਼ ਹੈ, ਜਦਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਮੰਗਵਾਈ ਗਈ ਜਾਂਚ ਨੂੰ ਪੂਰਾ ਹੋਣ ਵਿੱਚ 5 ਮਹੀਨੇ ਦਾ ਸਮਾਂ ਲੱਗਿਆ ਸੀ।

ਉਨ੍ਹਾਂ ਆਪ ਆਗੂ ਹਰਪਾਲ ਚੀਮਾ ਅਤੇ ਬਲਤੇਜ ਪੰਨੂ ‘ਤੇ ਝੂਠ ਬੋਲਣ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਜਿਸ ਲੈਬ ਦਾ ਇਹ ਹਵਾਲਾ ਦੇ ਰਹੇ ਸਨ, ਉਹ ਭਾਰਤ ਸਰਕਾਰ ਤਾਂ ਦੂਰ, ਕਿਸੇ ਪੰਚਾਇਤ ਕੋਲ ਵੀ ਰਜਿਸਟਰਡ ਨਹੀਂ ਹੈ। ਉਨ੍ਹਾਂ ਸਵਾਲ ਕੀਤਾ ਕਿ ਮੁੱਖ ਮੰਤਰੀ ਦੀਆਂ ਗਲਤ ਹਰਕਤਾਂ ਨੂੰ ਬਚਾਉਣ ਲਈ ਕੀ ਇਹ ਲੋਕ ਸ਼੍ਰੀ ਅਕਾਲ ਤਖ਼ਤ ਸਾਹਿਬ ਵਰਗੀ ਸਰਵਉੱਚ ਸੰਸਥਾ ਨੂੰ ਬਦਨਾਮ ਕਰ ਰਹੇ ਹਨ?

ਖਹਿਰਾ ਨੇ ਮੁੱਖ ਮੰਤਰੀ ਦੇ ਨਿੱਜੀ ਅਤੇ ਧਾਰਮਿਕ ਜੀਵਨ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਜੋ ਵਿਅਕਤੀ ਆਪਣੀ ਪਹਿਲੀ ਪਤਨੀ ਅਤੇ ਬੱਚਿਆਂ ਨੂੰ ਅਲਵਿਦਾ ਕਹਿ ਕੇ ਛੱਡ ਸਕਦਾ ਹੈ, ਉਸ ਦਾ ਕਿਰਦਾਰ ਸਭ ਦੇ ਸਾਹਮਣੇ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਗਵੰਤ ਮਾਨ ਨੇ ਬਰਗਾੜੀ ਦੇ ਭੋਗ ਅਤੇ ਦਮਦਮਾ ਸਾਹਿਬ ਵਿਖੇ ਸ਼ਰਾਬ ਦੇ ਨਸ਼ੇ ਵਿੱਚ ਜਾ ਕੇ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਬੇਅਦਬੀ ਕੀਤੀ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਜਲਦ ਹੀ ਇੱਕ ਹੋਰ ਆਡੀਓ ਸਾਹਮਣੇ ਆਉਣ ਵਾਲੀ ਹੈ, ਜਿਸ ਵਿੱਚ ਭਗਵੰਤ ਮਾਨ ਵੱਲੋਂ ਅਰਦਾਸ ਦੀ ਬੇਅਦਬੀ ਕੀਤੇ ਜਾਣ ਦਾ ਖੁਲਾਸਾ ਹੋਵੇਗਾ।

ਸੁਖਪਾਲ ਖਹਿਰਾ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ‘ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਕੇਜਰੀਵਾਲ ਬਾਹਰ ਬੈਠ ਕੇ ਜਾਣਬੁੱਝ ਕੇ ਇਹ ਸਾਰਾ ਤਮਾਸ਼ਾ ਦੇਖ ਰਹੇ ਹਨ ਕਿਉਂਕਿ ਉਹ ਚਾਹੁੰਦੇ ਹਨ ਕਿ ਸਿੱਖਾਂ ਦੀਆਂ ਅਕਾਲ ਤਖ਼ਤ ਸਾਹਿਬ ਵਰਗੀਆਂ ਸੰਸਥਾਵਾਂ ਕਮਜ਼ੋਰ ਹੋਣ।

ਖਹਿਰਾ ਨੇ ਮੰਗ ਕੀਤੀ ਕਿ ਹਰਿਆਣਾ ਦੀ ਭਾਜਪਾ ਸਰਕਾਰ ਲੈਬ ਮਾਲਕਾਂ ਦੇ ਕਬੂਲਨਾਮੇ ਅਤੇ ਸਾਰੇ ਸਬੂਤਾਂ ਨੂੰ ਤੁਰੰਤ ਜਨਤਕ ਕਰੇ। ਇਸ ਦੇ ਨਾਲ ਹੀ ਭਗਵੰਤ ਮਾਨ, ਹਰਪਾਲ ਚੀਮਾ ਅਤੇ ਬਲਤੇਜ ਪੰਨੂ ਜnਤਕ ਤੌਰ ‘ਤੇ ਅਕਾਲ ਤਖ਼ਤ ਸਾਹਿਬ ਸਾਹਮਣੇ ਜਾ ਕੇ ਮੁਆਫ਼ੀ ਮੰਗਣ। ਖਹਿਰਾ ਨੇ ਕਿਹਾ ਕਿ ਕੇਜਰੀਵਾਲ ਤੁਰੰਤ ਮੁੱਖ ਮੰਤਰੀ ਨੂੰ ਬਰਖਾਸਤ ਕਰਨ ਜਾਂ ਭਗਵੰਤ ਮਾਨ ਖੁਦ ਅਸਤੀਫਾ ਦੇਣ, ਅਤੇ ਪੰਜਾਬ ਵਿੱਚ ਬਣੇ ਬੇਅਦਬੀ ਦੇ ਕਾਨੂੰਨ ਤਹਿਤ ਸਭ ਤੋਂ ਪਹਿਲਾ ਪਰਚਾ ਭਗਵੰਤ ਮਾਨ ਦੇ ਖ਼ਿਲਾਫ਼ ਦਰਜ ਕੀਤਾ ਜਾਵੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੋਸ਼ਲ ਮੀਡੀਆ ‘ਤੇ ‘ਆਪ’ ਦੇ ਆਈ.ਟੀ. ਸੈੱਲ ਵੱਲੋਂ ਫੈਲਾਏ ਜਾ ਰਹੇ ਪ੍ਰੋਪੇਗੰਡਾ ਤੋਂ ਬਚਣ ਅਤੇ ਇਸ ਖੁਲਾਸੇ ਨੂੰ ਵੱਧ ਤੋਂ ਵੱਧ ਸਾਂਝਾ ਕਰਨ।

18 ਵਿਸ਼ਵ ਰਿਕਾਰਡ ਧਾਰਕ ਵਾਨਿਆ ਸ਼ਰਮਾ, ਬੇਟੀਆਂ ਲਈ ਮਿਸਾਲ -  ਵਿੱਨੂ ਗੋਇਲ
ਮੇਅਰ ਪਦਮਜੀਤ ਮਹਿਤਾ ਨੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ, ਅਧਿਕਾਰੀਆਂ ਨੂੰ ਦਿੱਤੇ ਹੱਲ ਦੇ ਨਿਰਦੇਸ਼