ਬਠਿੰਡਾ ਵਿੱਚ ਜਾਸੂਸੀ ਨੈੱਟਵਰਕ ਦਾ ਪਰਦਾਫਾਸ਼, ਦੋ ਗ੍ਰਿਫ਼ਤਾਰ

ਬਠਿੰਡਾ-ਮਲੋਟ ਮੁੱਖ ਮਾਰਗ ’ਤੇ ਸਥਿਤ ਅੰਬੂਜਾ ਫੈਕਟਰੀ ਦੇ ਸਾਹਮਣੇ ਸਰਕਾਰੀ ਬਿਜਲੀ ਦੇ ਖੰਭਿਆਂ ’ਤੇ ਗੁਪਤ ਤਰੀਕੇ ਨਾਲ ਹਾਈਟੈਕ ਸੋਲਰ-ਪਾਵਰਡ ਕੈਮਰਾ ਲਗਾ ਕੇ ਸੁਰੱਖਿਆ ਬਲਾਂ ਦੀ ਨਿਗਰਾਨੀ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਬਠਿੰਡਾ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਦੀਆਂ ਟੀਮਾਂ ਨੇ ਸਾਂਝੇ ਆਪ੍ਰੇਸ਼ਨ ਦੌਰਾਨ ਇਸ ਮਾਮਲੇ ਦਾ ਪਰਦਾਫਾਸ਼ ਕਰਦਿਆਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਦੋ ਹੋਰਾਂ ਦੀ ਭਾਲ ਜਾਰੀ ਹੈ। ਪੁਲਿਸ ਨੇ ਇਸ ਸਬੰਧੀ ਔਫੀਸ਼ੀਅਲ ਸੀਕਰੇਟ ਐਕਟ (ਸਰਕਾਰੀ ਭੇਤ ਐਕਟ) ਅਤੇ ਡੈਮੇਜ ਟੂ ਪਬਲਿਕ ਪ੍ਰਾਪਰਟੀ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਹੈ।

ਮਿਲੀ ਜਾਣਕਾਰੀ ਮੁਤਾਬਕ 9 ਜੂਨ ਨੂੰ ਥਾਣਾ ਥਰਮਲ ਦੀ ਪੁਲਿਸ ਨੂੰ ਖ਼ੁਫ਼ੀਆ ਸੂਚਨਾ ਮਿਲੀ ਸੀ ਕਿ ਹਾਈਵੇਅ ’ਤੇ ਲਗਾਏ ਗਏ ਇਸ ਖ਼ਾਸ ਕੈਮਰੇ ਵਿੱਚ ਸਿੰਮ ਕਾਰਡ ਮੌਜੂਦ ਹੈ, ਜਿਸ ਰਾਹੀਂ ਮਾੜੇ ਅਤੇ ਦੇਸ਼ ਵਿਰੋਧੀ ਅਨਸਰਾਂ ਵੱਲੋਂ ਪੁਲਿਸ ਅਤੇ ਹੋਰ ਸੁਰੱਖਿਆ ਫੋਰਸਾਂ ਦੀਆਂ ਗਤੀਵਿਧੀਆਂ ‘ਤੇ ਸਿੱਧੀ ਨਜ਼ਰ ਰੱਖੀ ਜਾ ਰਹੀ ਸੀ। ਮਾਮਲੇ ਦੀ ਗੰਭੀਰਤਾ ਅਤੇ ਦੇਸ਼ ਦੀ ਸੁਰੱਖਿਆ ਨਾਲ ਜੁੜਿਆ ਹੋਣ ਕਾਰਨ ਪੁਲਿਸ ਨੇ ਤੁਰੰਤ ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ।

ਜਾਂਚ ਦੌਰਾਨ ਸੀ.ਸੀ.ਟੀ.ਵੀ. ਫੁਟੇਜ, ਟੈਕਨੀਕਲ ਸੋਰਸਾਂ ਅਤੇ ਹਿਊਮਨ ਇੰਟੈਲੀਜੈਂਸ ਦੀ ਮੱਦਦ ਨਾਲ ਪੁਲਿਸ ਟੀਮਾਂ ਨੇ 10 ਜੂਨ ਨੂੰ ਅਸ਼ੋਕ ਸਿੰਘ ਪੁੱਤਰ ਪ੍ਰਗਾਸ ਸਿੰਘ, ਵਾਸੀ ਸਰਾਏ (ਥਾਣਾ ਅਜਨਾਲਾ, ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ) ਨੂੰ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ। ਅਦਾਲਤ ਤੋਂ ਰਿਮਾਂਡ ਹਾਸਲ ਕਰਨ ਤੋਂ ਬਾਅਦ ਜਦੋਂ ਮੁਲਜ਼ਮ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਦੀ ਨਿਸ਼ਾਨਦੇਹੀ ’ਤੇ 14 ਜੂਨ ਨੂੰ ਉਸੇ ਪਿੰਡ ਦੇ ਰਹਿਣ ਵਾਲੇ ਅਕਾਸ਼ਦੀਪ ਸਿੰਘ ਪੁੱਤਰ ਬਲਦੇਵ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ।

ਪੁਲਿਸ ਸੂਤਰਾਂ ਅਨੁਸਾਰ ਇਸ ਮਾਮਲੇ ਵਿੱਚ ਹੁਣ ਤੱਕ ਕੁੱਲ ਚਾਰ ਲੋਕਾਂ ਨੂੰ ਨਾਮਜ਼ਦ ਕੀਤਾ ਜਾ ਚੁੱਕਾ ਹੈ। ਦੋ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ, ਜਦਕਿ ਬਾਕੀ ਰਹਿੰਦੇ ਦੋ ਫ਼ਰਾਰ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਵੱਖ-ਵੱਖ ਥਾਵਾਂ ’ਤੇ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਇਸ ਗੱਲ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ ਕਿ ਇਸ ਨਿਗਰਾਨੀ ਪਿੱਛੇ ਇਨ੍ਹਾਂ ਦਾ ਅਸਲ ਮਕਸਦ ਕੀ ਸੀ ਅਤੇ ਇਸ ਨੈੱਟਵਰਕ ਦੇ ਤਾਰ ਕਿੱਥੇ-ਕਿੱਥੇ ਜੁੜੇ ਹੋਏ ਹਨ।

ਪੰਜਾਬ ਮਿਸ਼ਨ 'ਤੇ ਭਾਜਪਾ ਦਾ ਵੱਡਾ ਦਾਅ, ਅਮਿਤ ਸ਼ਾਹ ਦੀ ਨਿਗਰਾਨੀ ਹੇਠ ਤਿਆਰ ਹੋਇਆ ਮਾਸਟਰ ਪਲਾਨ
ਸੜਕ ਹਾਦਸੇ ਵਿੱਚ ਵੋਮੈਨ ਸੈੱਲ ਮਾਨਸਾ ਦੀ ਇੰਚਾਰਜ ਇੰਸਪੈਕਟਰ ਬੇਅੰਤ ਕੌਰ ਦੀ ਮੌਤ