ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅਬੋਹਰ ‘ਚ OBC ਸੰਮੇਲਨ ਨੂੰ ਕੀਤਾ ਸੰਬੋਧਨ

ਅਬੋਹਰ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅੱਜ ਪੰਜਾਬ ਦੇ ਸਰਹੱਦੀ ਸ਼ਹਿਰ ਅਬੋਹਰ ਵਿੱਚ ਆਯੋਜਿਤ ਓਬੀਸੀ (OBC) ਸਮਾਜ ਦੇ ਇੱਕ ਵੱਡੇ ਸੰਮੇਲਨ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸੰਮੇਲਨ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਬੋਹਰ ਦੀ ਧਰਤੀ ਪੰਜਾਬ ਦੀ ਮਿਹਨਤ, ਸਾਹਸ, ਉੱਨਤ ਖੇਤੀ, ਵਪਾਰ ਅਤੇ ਦੇਸ਼ ਭਗਤੀ ਦੀ ਪ੍ਰਤੀਕ ਹੈ ਅਤੇ ਇਸ ਪ੍ਰੋਗਰਾਮ ਵਿੱਚ ਆ ਕੇ ਉਨ੍ਹਾਂ ਨੂੰ ਬਹੁਤ ਖੁਸ਼ੀ ਤੇ ਮਾਣ ਮਹਿਸੂਸ ਹੋ ਰਿਹਾ ਹੈ।

ਆਪਣੇ ਸੰਬੋਧਨ ਦੌਰਾਨ ਮੁੱਖ ਮੰਤਰੀ ਸੈਣੀ ਨੇ ਪੰਜਾਬ ਦੀ ਆਮ ਆਦਮੀ ਪਾਰਟੀ (AAP) ਸਰਕਾਰ ‘ਤੇ ਜੰਮ ਕੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਸਿਰਫ਼ ਖੋਖਲੇ ਵਾਅਦਿਆਂ ਅਤੇ ਇਸ਼ਤਿਹਾਰਾਂ ਵਿੱਚ ਵਿਅਸਤ ਹੈ, ਜਦਕਿ ਜ਼ਮੀਨੀ ਹਕੀਕਤ ਇਹ ਹੈ ਕਿ ਅਬੋਹਰ ਸ਼ਹਿਰ ਅੱਜ ਨਸ਼ਿਆਂ ਦਾ ਅੱਡਾ ਬਣ ਚੁੱਕਾ ਹੈ। ਉਨ੍ਹਾਂ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਸ਼ਰਾਬ ਅਤੇ ਚਿੱਟੇ ਦੀ ਸਮੱਸਿਆ ਅੱਜ ਸਭ ਤੋਂ ਗੰਭੀਰ ਸਮਾਜਿਕ ਚੁਣੌਤੀ ਬਣ ਗਈ ਹੈ ਅਤੇ ਸੂਬੇ ਦੀ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਨਾਲ ਧਸਤ ਹੋ ਚੁੱਕੀ ਹੈ।

ਮੁੱਖ ਮੰਤਰੀ ਨੇ ਅਬੋਹਰ ਨਗਰ ਨਿਗਮ ਚੋਣਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਬੀਤੀ 29 ਮਈ ਨੂੰ ਜਨਤਾ ਨੇ ‘ਆਪ’ ਸਰਕਾਰ ਦੀ ਭਰਮਾਊ ਰਾਜਨੀਤੀ ਖ਼ਿਲਾਫ਼ ਫ਼ਤਵਾ ਦਿੰਦਿਆਂ 50 ਵਿੱਚੋਂ 28 ਸੀਟਾਂ ‘ਤੇ ਕਮਲ ਖਿਲਾਉਣ ਦਾ ਕੰਮ ਕੀਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਮਹਿਲਾਵਾਂ ਨੂੰ ਗੁਮਰਾਹ ਕਰਨ ਲਈ 1,000 ਰੁਪਏ ਦੀ ਯੋਜਨਾ ਦਾ ਸਿਆਸੀ ਹੱਥਕੰਡਾ ਤਾਂ ਅਪਣਾਇਆ ਗਿਆ, ਪਰ ਅਬੋਹਰ ਵਿੱਚ ਇਸ ਦੀ ਰਜਿਸਟ੍ਰੇਸ਼ਨ ਤੱਕ ਸ਼ੁਰੂ ਨਹੀਂ ਹੋ ਸਕੀ। ਫੰਡਾਂ ਦੀ ਘਾਟ ਕਾਰਨ ਇੱਥੋਂ ਦੇ ਜ਼ਰੂਰੀ ਪ੍ਰੋਜੈਕਟ ਪਿਛਲੇ 4 ਸਾਲਾਂ ਤੋਂ ਅਧਰ ਵਿੱਚ ਲਟਕ ਰਹੇ ਹਨ ਅਤੇ ਅਬੋਹਰ ਨਾਲ ਘੋਰ ਸਿਆਸੀ ਵਿਤਕਰਾ ਤੇ ਅਣਦੇਖੀ ਕੀਤੀ ਗਈ ਹੈ।

ਓਬੀਸੀ ਸਮਾਜ ਦੀ ਸ਼ਲਾਘਾ ਕਰਦਿਆਂ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪੱਛੜਾ ਵਰਗ ਹਮੇਸ਼ਾ ਸਿੱਖਿਆ, ਖੇਤੀਬਾੜੀ, ਰੱਖਿਆ ਅਤੇ ਰਾਸ਼ਟਰ ਨਿਰਮਾਣ ਵਿੱਚ ਮੋਹਰੀ ਰਿਹਾ ਹੈ, ਪਰ ਇਹ ਵੀ ਇੱਕ ਕੌੜਾ ਸੱਚ ਹੈ ਕਿ ਦਹਾਕਿਆਂ ਤੱਕ ਇਸ ਸਮਾਜ ਨੂੰ ਉਹ ਹੱਕ ਅਤੇ ਸਿਆਸੀ ਮੌਕੇ ਨਹੀਂ ਮਿਲੇ ਜਿਸ ਦੇ ਉਹ ਅਸਲ ਹੱਕਦਾਰ ਸਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਸਮਾਜਿਕ ਨਿਆਂ ਸਿਰਫ਼ ਚੋਣ ਨਾਅਰਾ ਨਹੀਂ ਰਿਹਾ, ਸਗੋਂ ਇਸ ਨੂੰ ਨੀਤੀ ਅਤੇ ਨੀਅਤ ਦੋਵਾਂ ਨਾਲ ਇਮਾਨਦਾਰੀ ਨਾਲ ਲਾਗੂ ਕੀਤਾ ਗਿਆ ਹੈ। ਪੀਐਮ ਮੋਦੀ ਨੇ ਖ਼ੁਦ ਓਬੀਸੀ ਸਮਾਜ ਵਿੱਚੋਂ ਆਉਂਦੇ ਹੋਏ ਵਾਂਝੇ, ਪਿਛੜੇ ਅਤੇ ਗਰੀਬ ਵਰਗਾਂ ਨੂੰ ਮੁੱਖ ਧਾਰਾ ਵਿੱਚ ਲਿਆਂਦਾ ਹੈ ਅਤੇ ਓਬੀਸੀ ਕਮਿਸ਼ਨ ਨੂੰ ਸੰਵਿਧਾਨਕ ਦਰਜਾ ਦੇ ਕੇ ਸਮਾਜ ਨੂੰ ਨਵੀਂ ਸ਼ਕਤੀ ਦਿੱਤੀ ਹੈ।

ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਭਾਜਪਾ ਨੇ ਓਬੀਸੀ ਸਮਾਜ ਨੂੰ ਕਦੇ ਵੋਟ ਬੈਂਕ ਨਹੀਂ ਮੰਨਿਆ, ਸਗੋਂ ਲੀਡਰਸ਼ਿਪ ਸੌਂਪ ਕੇ ਸਸ਼ਕਤ ਬਣਾਇਆ ਹੈ। ਹਰਿਆਣਾ ਸਰਕਾਰ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਉੱਥੇ ਜੋ ਵਾਅਦਾ ਕੀਤਾ ਜਾਂਦਾ ਹੈ, ਉਸ ਨੂੰ ਪੱਥਰ ‘ਤੇ ਲਕੀਰ ਮੰਨ ਕੇ ਪੂਰਾ ਕੀਤਾ ਜਾਂਦਾ ਹੈ। ਅਖੀਰ ਵਿੱਚ ਉਨ੍ਹਾਂ ਸਮਾਜ ਨੂੰ ਅਪੀਲ ਕੀਤੀ ਕਿ ਜਾਤੀਆਂ ਅਤੇ ਉਪ-ਜਾਤੀਆਂ ਵਿੱਚ ਵੰਡੇ ਜਾਣ ਦੀ ਬਜਾਏ ਇੱਕ ਮਜ਼ਬੂਤ ਸਮਾਜਿਕ ਸ਼ਕਤੀ ਵਜੋਂ ਇੱਕਜੁੱਟ ਹੋਣ ਅਤੇ ਭਾਜਪਾ ਦੀਆਂ ਨੀਤੀਆਂ ‘ਤੇ ਭਰੋਸਾ ਪ੍ਰਗਟ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਨੂੰ ਹੋਰ ਮਜ਼ਬੂਤ ਕਰਨ।

ਬਠਿੰਡਾ ਵਿੱਚ 140 ਕੁਇੰਟਲ ਗ਼ੈਰ-ਕਾਨੂੰਨੀ ਖਾਦ ਜ਼ਬਤ
ਜੇਲ੍ਹ ਵਿੱਚ ਬੰਦ ਗੈਂਗਸਟਰ ਨਾਲ ਜੁੜੇ ਦੋ ਵਿਅਕਤੀ ਬਠਿੰਡਾ ਤੋਂ ਗ੍ਰਿਫ਼ਤਾਰ; ਦੋ ਪਿਸਤੌਲ ਬਰਾਮਦ