ਅਕਾਲੀ ਦਲ ਨਾਲ ਸਮਝੌਤੇ ਦੀ ਕੋਈ ਗੱਲ ਨਹੀਂ ਚੱਲ ਰਹੀ – ਕੇਵਲ ਢਿੱਲੋਂ

ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਸਿਆਸੀ ਗੱਠਜੋੜ ਦੀਆਂ ਚਰਚਾਵਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਇਨ੍ਹਾਂ ਨੂੰ ਮਹਿਜ਼ ਅਫ਼ਵਾਹ ਕਰਾਰ ਦਿੱਤਾ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਗੱਠਜੋੜ ਨੂੰ ਲੈ ਕੇ ਕਿਸੇ ਵੀ ਪੱਧਰ ‘ਤੇ ਕੋਈ ਗੱਲਬਾਤ ਨਹੀਂ ਚੱਲ ਰਹੀ ਅਤੇ ਨਾ ਹੀ ਕੇਂਦਰੀ ਹਾਈਕਮਾਨ ਨੇ ਇਸ ਬਾਰੇ ਸੂਬਾਈ ਲੀਡਰਸ਼ਿਪ ਨਾਲ ਕੋਈ ਸਲਾਹ-ਮਸ਼ਵਰਾ ਕੀਤਾ ਹੈ। ਭਾਜਪਾ ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ‘ਤੇ ਇਕੱਲਿਆਂ ਚੋਣ ਲੜੇਗੀ ਅਤੇ ਆਪਣੇ ਦਮ ‘ਤੇ ਸਰਕਾਰ ਬਣਾਏਗੀ। ਉਨ੍ਹਾਂ ਮੁਤਾਬਕ ਚੋਣ ਜ਼ਾਬਤਾ ਲਾਗੂ ਹੁੰਦੇ ਹੀ ਸੂਬੇ ਦਾ ਸਿਆਸੀ ਮਾਹੌਲ ਪੂਰੀ ਤਰ੍ਹਾਂ ਬਦਲ ਜਾਵੇਗਾ।

ਦੂਜੇ ਪਾਸੇ, ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਇਸ ਸੰਭਾਵੀ ਗੱਠਜੋੜ ‘ਤੇ ਤਿੱਖੇ ਨਿਸ਼ਾਨੇ ਸਾਧ ਰਹੇ ਹਨ ਅਤੇ ਇਸ ਨੂੰ ਸੱਤਾ ਵਿੱਚ ਵਾਪਸੀ ਲਈ ਦੋਵਾਂ ਪਾਰਟੀਆਂ ਦੀ ਨਿਰਾਸ਼ਾਜਨਕ ਕੋਸ਼ਿਸ਼ ਦੱਸ ਰਹੇ ਹਨ। ਇੱਥੋਂ ਤੱਕ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਬਿਆਨ ਦਿੱਤਾ ਹੈ ਕਿ ਭਾਜਪਾ ਇਕੱਲੇ ਤੌਰ ‘ਤੇ ਪੰਜਾਬ ਵਿੱਚ ਸਰਕਾਰ ਨਹੀਂ ਬਣਾ ਸਕੇਗੀ।

ਇਨ੍ਹਾਂ ਪਲਟਵਾਰਾਂ ਦਾ ਜਵਾਬ ਦਿੰਦਿਆਂ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਆਪਣੀ ਖਿਸਕਦੀ ਸਿਆਸੀ ਜ਼ਮੀਨ ਕਾਰਨ ਬੌਖਲਾਹਟ ਵਿੱਚ ਹਨ ਅਤੇ ਸੱਤਾ ਬਚਾਉਣ ਲਈ ਪੰਜਾਬ ਵਿੱਚ ਧਰਮ ਦਾ ਪੱਤਾ ਖੇਡ ਰਹੇ ਹਨ। ਉਨ੍ਹਾਂ ਕੇਜਰੀਵਾਲ ਨੂੰ ਵੰਡ ਪਾਊ ਸਿਆਸਤ ਤੋਂ ਬਾਜ਼ ਆਉਣ ਦੀ ਸਲਾਹ ਦਿੰਦਿਆਂ ਕਿਹਾ ਕਿ ਪੰਜਾਬ ਦਾ ਹਿੰਦੂ-ਸਿੱਖ ਭਾਈਚਾਰਾ ਹਮੇਸ਼ਾ ਅਟੁੱਟ ਰਿਹਾ ਹੈ। ਈ.ਡੀ. ਦੀਆਂ ਛਾਪੇਮਾਰੀਆਂ ‘ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਕੇਜਰੀਵਾਲ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜਦਕਿ ਕਾਰਵਾਈ ਸਿਰਫ਼ ਗ਼ਲਤ ਬੰਦਿਆਂ ਖ਼ਿਲਾਫ਼ ਹੋ ਰਹੀ ਹੈ ਅਤੇ ਕਿਸੇ ਵੀ ਨਿਰਦੋਸ਼ ਨੂੰ ਤੰਗ ਨਹੀਂ ਕੀਤਾ ਜਾਵੇਗਾ।

ਭਾਜਪਾ ਜਲਦੀ ਹੀ ਸੂਬੇ ਵਿੱਚ ਆਪਣੀ ਚੋਣ ਮੁਹਿੰਮ ਦਾ ਰਸਮੀ ਆਗਾਜ਼ ਕਰਨ ਜਾ ਰਹੀ ਹੈ। ਇਸ ਦੇ ਤਹਿਤ 13 ਜੂਨ ਤੋਂ ਕੇਂਦਰੀ ਮੰਤਰੀਆਂ ਦੇ ਦੌਰੇ ਸ਼ੁਰੂ ਹੋ ਰਹੇ ਹਨ ਅਤੇ 20 ਤੋਂ 22 ਜੂਨ ਤੱਕ ਭਾਜਪਾ ਦੇ ਰਾਸ਼ਟਰੀ ਨੇਤਾ ਨਿਤਿਨ ਨਬੀਨ ਪੰਜਾਬ ਦੇ ਤਿੰਨ ਦਿਨਾਂ ਦੌਰੇ ‘ਤੇ ਆ ਰਹੇ ਹਨ। ਢਿੱਲੋਂ ਨੇ ਇਹ ਵੀ ਦੱਸਿਆ ਕਿ ਪਿਛਲੇ ਦਿਨੀਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਹੋਈ ਮੁਲਾਕਾਤ ਦੌਰਾਨ ਉਨ੍ਹਾਂ ਨੇ ਪੰਜਾਬ ਦੀ ਅਮਨ-ਕਾਨੂੰਨ ਦੀ ਸਥਿਤੀ ਅਤੇ ਨਸ਼ਿਆਂ ਦੇ ਗੰਭੀਰ ਮੁੱਦੇ ‘ਤੇ ਚਿੰਤਾ ਪ੍ਰਗਟਾਈ ਸੀ। ਉਨ੍ਹਾਂ ਦਾਅਵਾ ਕੀਤਾ ਕਿ ਆਉਣ ਵਾਲੇ ਦਿਨਾਂ ਵਿੱਚ ਸੂਬੇ ਦਾ ਸਿਆਸੀ ਮਾਹੌਲ ਪੂਰੀ ਤਰ੍ਹਾਂ ਬਦਲ ਜਾਵੇਗਾ।

ਬੱਚਿਆਂ ਨੂੰ ਪਦਮ ਅਵਾਰਡ ਦੇਣ ਲਈ ਅਰਜ਼ੀਆਂ ਦੀ ਮੰਗ
ਬਠਿੰਡਾ ਵਿੱਚ 140 ਕੁਇੰਟਲ ਗ਼ੈਰ-ਕਾਨੂੰਨੀ ਖਾਦ ਜ਼ਬਤ