ਲੜਾਈ ਕੁਰਸੀ ਦੀ, ਵਿਧਾਇਕ ਅਤੇ ਕੌਂਸਲ ਪ੍ਰਧਾਨ ਹੱਥੋ ਪਾਈ

ਮੌੜ ਮੰਡੀ: ਮੌੜ ਮੰਡੀ ਵਿਖੇ ਅੱਜ ਗਣਤੰਤਰ ਦਿਵਸ ਦੇ ਮੌਕੇ ‘ਤੇ ਕਰਵਾਏ ਗਏ ਸਰਕਾਰੀ ਪ੍ਰੋਗਰਾਮ ਵਿੱਚ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ ਜਦੋਂ ਸਟੇਜ ਉੱਤੇ ਬੈਠਣ ਨੂੰ ਲੈ ਕੇ ਨਗਰ ਕੌਂਸਲ ਪ੍ਰਧਾਨ ਅਤੇ ਹਲਕਾ ਵਿਧਾਇਕ ਵਿਚਾਲੇ ਵਿਵਾਦ ਛਿੜ ਗਿਆ। ਇਹ ਮਾਮਲਾ ਇੰਨਾ ਵਧਿਆ ਕਿ ਸਥਿਤੀ ਹੱਥੋਪਾਈ ਤੱਕ ਪਹੁੰਚ ਗਈ, ਜਿਸ ਨੂੰ ਦੇਖਦੇ ਹੋਏ ਮੌਕੇ ‘ਤੇ ਮੌਜੂਦ ਸਿਵਲ ਅਤੇ ਪੁਲਿਸ ਅਧਿਕਾਰੀਆਂ ਨੇ ਦਖ਼ਲ ਦੇ ਕੇ ਮਾਮਲਾ ਸ਼ਾਂਤ ਕਰਵਾਇਆ। ਇਸ ਸਮਾਗਮ ਵਿੱਚ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਮੁੱਖ ਮਹਿਮਾਨ ਵਜੋਂ ਪਹੁੰਚੇ ਹੋਏ ਸਨ, ਜਦਕਿ ਝੰਡਾ ਲਹਿਰਾਉਣ ਦੀ ਰਸਮ ਐਸਡੀਐਮ ਵੱਲੋਂ ਨਿਭਾਈ ਗਈ ਸੀ।

ਵਿਵਾਦ ਦੀ ਸ਼ੁਰੂਆਤ ਉਦੋਂ ਹੋਈ ਜਦੋਂ ਨਗਰ ਕੌਂਸਲ ਦੇ ਪ੍ਰਧਾਨ ਕਰਨੈਲ ਸਿੰਘ ਨੇ ਦੇਖਿਆ ਕਿ ਉਨ੍ਹਾਂ ਲਈ ਰਾਖਵੀਂ ਕੁਰਸੀ ‘ਤੇ ਪਹਿਲਾਂ ਹੀ ਇੱਕ ਵਲੰਟੀਅਰ ਬੈਠਾ ਹੋਇਆ ਸੀ। ਜਦੋਂ ਉਹ ਵਿਅਕਤੀ ਉੱਥੋਂ ਨਾ ਉੱਠਿਆ ਤਾਂ ਪ੍ਰਧਾਨ ਆਪਣੇ ਪੁੱਤਰ ਸਮੇਤ ਵਿਧਾਇਕ ਦੇ ਨਾਲ ਵਾਲੀ ਦੂਜੀ ਕੁਰਸੀ ‘ਤੇ ਬੈਠ ਗਏ, ਜਿਸ ਉੱਤੇ ਕਿਸੇ ਹੋਰ ਦਾ ਨਾਮ ਲਿਖਿਆ ਹੋਇਆ ਸੀ। ਇਸੇ ਗੱਲ ਤੋਂ ਸ਼ੁਰੂ ਹੋਈ ਬਹਿਸ ਨੇ ਵੱਡਾ ਰੂਪ ਧਾਰ ਲਿਆ ਅਤੇ ਪ੍ਰਧਾਨ ਨੇ ਵਿਧਾਇਕ ਉੱਤੇ ਆਪਣੇ ਪੁੱਤਰ ਨਾਲ ਬਦਸਲੂਕੀ ਕਰਨ ਦੇ ਦੋਸ਼ ਲਗਾਏ। ਇਸ ਦੇ ਨਾਲ ਹੀ ਪ੍ਰਧਾਨ ਨੇ ਵਿਧਾਇਕ ਉੱਤੇ ਪ੍ਰਧਾਨਗੀ ਦੇ ਬਦਲੇ ਪੈਸੇ ਲੈਣ ਦੇ ਗੰਭੀਰ ਇਲਜ਼ਾਮ ਵੀ ਮੜ੍ਹੇ। ਦੂਜੇ ਪਾਸੇ ਵਿਧਾਇਕ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਇਹ ਸਭ ਵਿਰੋਧੀਆਂ ਦੀ ਸ਼ਹਿ ‘ਤੇ ਪ੍ਰੋਗਰਾਮ ਵਿੱਚ ਖਲਲ ਪਾਉਣ ਲਈ ਕੀਤਾ ਗਿਆ ਹੈ।

ਪੰਜਾਬ ਸਰਕਾਰ ਦਾ ਮਾਲੀਆ ਵਧਿਆ, ਜਲਦ ਪੂਰਾ ਕਰਾਂਗੇ ਔਰਤਾਂ ਨੂੰ 1000 ਰੁਪਏ ਦੇਣ ਦਾ ਵਾਅਦਾ: ਹਰਪਾਲ ਸਿੰਘ ਚੀਮਾ
15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ 'ਤੇ ਲਗਾਈ ਪਾਬੰਦੀ