Big scam in stubble management in Punjab

ਪਰਾਲੀ ਸਾੜਨ ਨੂੰ ਲੈ ਕੇ ਪੰਜਾਬ ਪਹਿਲਾਂ ਹੀ ਵਿਵਾਦਾਂ ‘ਚ ਘਿਰਿਆ ਹੋਇਆ ਹੈ। ਪਰਾਲੀ ਦੀ ਸਾਂਭ ਸੰਭਾਲ ਲਈ ਪੰਜਾਬ ਸਰਕਾਰ ਕਿਸਾਨਾਂ ਨੂੰ ਮਸ਼ੀਨਾਂ ਖਰੀਦਣ ਲਈ ਸਬਸਿਡੀ ਦਿੰਦੀ ਹੈ ਅਤੇ ਹੁਣ ਇਸੇ ਸਬਸਿਡੀ ਵਿੱਚ ਵੱਡਾ ਘੋਟਾਲਾ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ।

ਪ੍ਰਾਪਤ ਜਾਣਕਾਰੀ ਮੁਤਾਬਕ ਪਰਾਲੀ ਦੇ ਨਿਪਟਾਰੇ ਲਈ ਮਸ਼ੀਨਾਂ ਦੀ ਖਰੀਦ ਕੀਤੇ ਬਿਨਾਂ ਹੀ ਲੱਖਾਂ ਰੁਪਏ ਦੀ ਸਬਸਿਡੀ ਲੈ ਲਈ ਗਈ।  ਫਰੀਦਕੋਟ ਅਤੇ ਫਾਜ਼ਿਲਕਾ ਵਿੱਚ ਅਜਿਹੇ 1800 ਮਾਮਲੇ ਸਾਹਮਣੇ ਆਏ ਹਨ ਜਿਸ ਨੇ ਖੇਤੀਬਾੜੀ ਵਿਭਾਗ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇਹ ਮਾਮਲੇ ਆਉਣ ਤੋਂ ਬਾਅਦ ਸਰਕਾਰ ਨੇ ਸਾਰੇ ਜ਼ਿਲ੍ਹਿਆਂ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਘੁਟਾਲੇ ਵਿੱਚ ਕਿਸਾਨਾਂ ਅਤੇ ਕੰਪਨੀਆਂ ਦੇ ਨਾਲ ਅਧਿਕਾਰੀਆਂ ਦੀ ਮਿਲੀਭੁਗਤ ਹੋਣ ਦੀ ਸੰਭਾਵਨਾ ਹੈ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਫਰੀਦਕੋਟ ਅਤੇ ਫਾਜ਼ਿਲਕਾ ਵਿੱਚ ਖੇਤੀ ਮਸ਼ੀਨਾਂ ਬਣਾਉਣ ਵਾਲੀਆਂ ਕੰਪਨੀਆਂ, ਕਿਸਾਨਾਂ ਅਤੇ ਅਧਿਕਾਰੀਆਂ ਨੇ ਮਿਲੀਭੁਗਤ ਕਰਕੇ ਮਸ਼ੀਨਾਂ ਦੀ ਫਰਜ਼ੀ ਖਰੀਦ-ਵੇਚ ਸਿਰਫ ਕਾਗਜ਼ਾਂ ‘ਚ ਹੀ ਦਿਖਾ ਦਿੱਤੀ ਅਤੇ ਵੱਡੀ ਰਕਮ ਦੀ ਸਬਸਿਡੀ ਹੜੱਪ ਲਈ। ਹੁਣ ਤੱਕ ਅਜਿਹੇ 1800 ਕਿਸਾਨਾਂ ਦੀ ਪਛਾਣ ਹੋ ਚੁੱਕੀ ਹੈ। ਜਿਸ ਤੋਂ ਬਾਅਦ ਸਰਕਾਰ ਨੇ ਸਾਰੇ ਜ਼ਿਲ੍ਹਿਆਂ ਵਿੱਚ ਨਿਰੀਖਣ ਟੀਮਾਂ ਭੇਜੀਆਂ ਹਨ, ਜਿਨ੍ਹਾਂ ਨੂੰ ਸਬਸਿਡੀ ’ਤੇ ਖਰੀਦੀਆਂ ਗਈਆਂ ਮਸ਼ੀਨਾਂ ਦੀ ਪੜਤਾਲ ਕਰਨ ਲਈ ਕਿਹਾ ਗਿਆ ਹੈ।

ਖੇਤੀਬਾੜੀ ਵਿਭਾਗ ਨੇ ਮੁੱਖ ਖੇਤੀਬਾੜੀ ਅਫ਼ਸਰਾਂ ਨੂੰ ਖਰੀਦੀ ਗਈ ਮਸ਼ੀਨਰੀ ਸਬੰਧੀ ਰਿਪੋਰਟ ਤਿਆਰ ਕਰਕੇ ਭੇਜਣ ਲਈ ਕਿਹਾ ਸੀ। ਇਸ ’ਤੇ ਉਨ੍ਹਾਂ ਦੀ ਕਮਾਨ ਹੇਠ ਅਧਿਕਾਰੀ ਨੇ ਫਾਜ਼ਿਲਕਾ ਅਤੇ ਫਰੀਦਕੋਟ ਦੇ ਕਰੀਬ 2000 ਕਿਸਾਨਾਂ ਦੇ ਖੇਤਾਂ ਅਤੇ ਘਰਾਂ ਵਿੱਚ ਜਾ ਕੇ ਖੇਤੀ ਮਸ਼ੀਨਰੀ ਦੀ ਪੜਤਾਲ ਕਰਵਾਈ ਗਈ ਪਰ ਸਿਰਫ਼ 200 ਕਿਸਾਨ ਹੀ ਅਸਲ ਵਿੱਚ ਖਰੀਦੀ ਮਸ਼ੀਨਰੀ ਨੂੰ ਦਿਖਾ ਸਕੇ। ਇਹਨਾਂ ਕਿਸਾਨਾਂ ਕੋਲ ਖਰੀਦਦਾਰੀ ਸਬੰਧੀ ਪੂਰੇ ਦਸਤਾਵੇਜ਼ ਵੀ ਸਨ ਜਦੋਂ ਕਿ ਬਾਕੀ 1800 ਕਿਸਾਨਾਂ ਦੇ ਖੇਤਾਂ ਅਤੇ ਘਰਾਂ ਵਿੱਚ ਮਸ਼ੀਨਾਂ ਨਹੀਂ ਮਿਲੀਆਂ ਅਤੇ ਨਾ ਹੀ ਉਹ ਅਜਿਹੀ ਖਰੀਦ ਦਾ ਕੋਈ ਦਸਤਾਵੇਜ਼ ਪੇਸ਼ ਕਰ ਸਕੇ।

ਇਸੇ ਦੌਰਾਨ ਖੇਤੀਬਾੜੀ ਵਿਭਾਗ ਤੋਂ ਇਹ ਵੀ ਪਤਾ ਲੱਗਾ ਹੈ ਕਿ ਫਾਜ਼ਿਲਕਾ ਅਤੇ ਫਰੀਦਕੋਟ ਵਿੱਚ ਗੜਬੜੀ ਦੀ ਸੂਚਨਾ ਮਿਲਣ ਤੋਂ ਬਾਅਦ ਵਿਭਾਗ ਦੀਆਂ ਟੀਮਾਂ ਨੂੰ ਜਲੰਧਰ ਤੋਂ ਜਾਂਚ ਲਈ ਭੇਜਿਆ ਗਿਆ ਸੀ।

ਪਹਿਲਾਂ ਤਾਂ ਉਨ੍ਹਾਂ ਨੂੰ ਸਿਰਫ਼ 425 ਕਿਸਾਨਾਂ ਦੀ ਹੀ ਜਾਂਚ ਕਰਨ ਲਈ ਕਿਹਾ ਗਿਆ ਸੀ, ਪਰ ਵਿਭਾਗ ਦੀ ਟੀਮ ਨੂੰ ਕਿਸਾਨਾਂ ਅਤੇ ਮਸ਼ੀਨਰੀ ਵੇਚਣ ਵਾਲੀਆਂ ਕੰਪਨੀਆਂ ਦੇ ਗੱਠਜੋੜ ਦਾ ਪਤਾ ਲੱਗਣ ਤੋਂ ਬਾਅਦ ਉਨ੍ਹਾਂ ਨੇ ਜਾਂਚ ਦਾ ਘੇਰਾ ਵਧਾ ਕੇ ਦੋਵਾਂ ਥਾਵਾਂ ‘ਤੇ ਖੇਤੀ ਮਸ਼ੀਨਰੀ ਖਰੀਦਣ ਵਾਲੇ ਦੋ ਹਜ਼ਾਰ ਕਿਸਾਨਾਂ ਤੱਕ ਪਹੁੰਚਾਇਆ। ਮਸ਼ੀਨਾਂ ਦੀ ਪੜਤਾਲ ਕੀਤੀ ਗਈ ਤਾਂ ਜਾਅਲੀ ਖਰੀਦ ਦੇ 1800 ਮਾਮਲੇ ਸਾਹਮਣੇ ਆਏ।

ਪਰਾਲੀ ਨੂੰ ਅੱਗ ਲਾਉਣੀ ਮਹਿੰਗੀ ਪਈ, ਨੰਬਰਦਾਰ ਮੁਅੱਤਲ
ਏਮਜ਼ ਬਠਿੰਡਾ ਨੇ ਬਲੈਕ ਫੰਗਸ ਦੇ ਕੇਸਾਂ ਵਿੱਚ ਵਾਧੇ ਨੂੰ ਲੈ ਕੇ ਚਿੰਤਾ ਜਤਾਈ ਹੈ