ਪੰਜਾਬ ਸਰਕਾਰ ਦੇ ਸਿੱਖਿਆ ਕ੍ਰਾਂਤੀ ਦਾਅਵੇ ਦੀ ਨਿੱਕਲੀ ਹਵਾ

ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਵੀ ਛੱਡ ਰਹੇ ਹਨ ਵਿਦਿਆਰਥੀ, 6 ਲੱਖ ਵਿਦਿਆਰਥੀਆਂ ਨੇ ਕਟਵਾਇਆ ਨਾਂ

ਚੰਡੀਗੜ੍ਹ, 5 ਅਗਸਤ: ਪੰਜਾਬ ਸਰਕਾਰ ਵੱਲੋਂ ਸਿੱਖਿਆ ਖੇਤਰ ਵਿੱਚ ਕੀਤੇ ਜਾ ਰਹੇ ‘ਸਿੱਖਿਆ ਕ੍ਰਾਂਤੀ’ ਦੇ ਦਾਅਵਿਆਂ ‘ਤੇ ਹੁਣ ਖ਼ੁਦ ਸਿੱਖਿਆ ਵਿਭਾਗ ਦੇ ਅੰਕੜਿਆਂ ਨੇ ਹੀ ਸਵਾਲ ਖੜ੍ਹੇ ਕਰ ਦਿੱਤੇ ਹਨ। ਪੰਜਾਬ ਵਿੱਚ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ 7 ਸਰਕਾਰੀ ਸਕੂਲ ਬੰਦ ਹੋ ਗਏ, ਜਦੋਂ ਕਿ ਇਸ ਦੇ ਮੁਕਾਬਲੇ ਕੇਵਲ 2 ਨਵੇਂ ਸਰਕਾਰੀ ਸਕੂਲ ਹੀ ਖੋਲ੍ਹੇ ਗਏ। ਇਹ ਅੰਕੜੇ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕੀਤੇ ਗਏ ਹਨ। ਇਹਨਾਂ ਅੰਕੜਿਆਂ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ ਕਿ ਜਿਸ ਸਰਕਾਰ ਵੱਲੋਂ ਸਿੱਖਿਆ ਨੂੰ ਲੈ ਕੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਉਸੇ ਸਰਕਾਰ ਦੇ ਵਿਧਾਨ ਸਭਾ ਵਿੱਚ ਪੇਸ਼ ਕੀਤੇ ਅੰਕੜੇ ਬਿਲਕੁਲ ਉਲਟ ਤਸਵੀਰ ਪੇਸ਼ ਕਰ ਰਹੇ ਹਨ।

2 ਨਵੇਂ ਸਕੂਲ ਖੋਲ੍ਹਣ ਅਤੇ 7 ਸਕੂਲ ਬੰਦ ਕਰਨ ਤੋਂ ਇਲਾਵਾ ਇੱਕ ਹੋਰ ਵੱਡਾ ਖੁਲਾਸਾ ਇਹ ਹੋਇਆ ਹੈ ਕਿ ਪਿਛਲੇ ਸਾਢੇ ਚਾਰ ਸਾਲਾਂ ਵਿੱਚ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਗਿਣਤੀ 6 ਲੱਖ ਤੋਂ ਵੱਧ ਘਟ ਗਈ ਹੈ। ਪੰਜਾਬ ਵਿਧਾਨ ਸਭਾ ਵਿੱਚ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਦਿੱਤੇ ਗਏ ਲਿਖਤੀ ਜਵਾਬ ਅਨੁਸਾਰ, 16 ਮਾਰਚ 2022 ਤੋਂ 28 ਜੁਲਾਈ 2026 ਤੱਕ ਪੂਰੇ ਪੰਜਾਬ ਵਿੱਚ ਕੇਵਲ ਇੱਕ ਪ੍ਰਾਇਮਰੀ ਅਤੇ ਇੱਕ ਮਿਡਲ ਸਕੂਲ, ਯਾਨੀ ਕੁੱਲ ਦੋ ਨਵੇਂ ਸਰਕਾਰੀ ਸਕੂਲ ਖੋਲ੍ਹੇ ਗਏ।

ਇਸ ਦੇ ਉਲਟ ਇਸੇ ਸਮੇਂ ਦੌਰਾਨ 6 ਪ੍ਰਾਇਮਰੀ ਅਤੇ 1 ਮਿਡਲ ਸਕੂਲ ਸਮੇਤ ਕੁੱਲ 7 ਸਰਕਾਰੀ ਸਕੂਲ ਬੰਦ ਕਰ ਦਿੱਤੇ ਗਏ। ਪੰਜਾਬ ਸਰਕਾਰ ਦੇ ਰਿਕਾਰਡ ਅਨੁਸਾਰ ਇਸ ਦੌਰਾਨ ਕੇਵਲ 5 ਹਾਈ ਸਕੂਲਾਂ ਨੂੰ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਅੱਪਗ੍ਰੇਡ ਕੀਤਾ ਗਿਆ। ਹਾਲਾਂਕਿ ਨਵੇਂ ਸਕੂਲ ਖੋਲ੍ਹਣ ਦੇ ਮਾਮਲੇ ਵਿੱਚ ਤਸਵੀਰ ਕਾਫ਼ੀ ਨਿਰਾਸ਼ਾਜਨਕ ਦਿਖਾਈ ਦਿੰਦੀ ਹੈ। ਵਿਰੋਧੀ ਧਿਰ ਹੁਣ ਇਸ ਨੂੰ ਸਰਕਾਰ ਦੇ ਵੱਡੇ-ਵੱਡੇ ਦਾਅਵਿਆਂ ਅਤੇ ਜ਼ਮੀਨੀ ਹਕੀਕਤ ਵਿਚਕਾਰ ਦਾ ਫ਼ਰਕ ਦੱਸ ਰਹੀ ਹੈ। ਵਿਧਾਨ ਸਭਾ ਵਿੱਚ ਕਾਂਗਰਸ ਵਿਧਾਇਕ ਅਵਤਾਰ ਹੈਨਰੀ ਜੂਨੀਅਰ ਨੇ ਇਸ ਮੁੱਦੇ ‘ਤੇ ਸਰਕਾਰ ਨੂੰ ਘੇਰਦਿਆਂ ਸਵਾਲ ਕੀਤਾ ਕਿ ਜਦੋਂ ਸਰਕਾਰ ਦਾ ਆਪਣਾ ਰਿਕਾਰਡ ਹੀ ਵਿਧਾਨ ਸਭਾ ਵਿੱਚ ਮੌਜੂਦ ਹੈ, ਤਾਂ ਸਰਕਾਰ ਕਿਵੇਂ ਕਹਿ ਸਕਦੀ ਹੈ ਕਿ ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਆਈ ਹੈ।

ਸਭ ਤੋਂ ਵੱਧ ਚਿੰਤਾ ਦਾ ਵਿਸ਼ਾ:

ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਲਗਾਤਾਰ ਘਟਦੀ ਗਿਣਤੀ ਹੈ। ਮਾਰਚ 2022 ਵਿੱਚ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਕੁੱਲ 29 ਲੱਖ 62 ਹਜ਼ਾਰ 378 ਵਿਦਿਆਰਥੀ ਪੜ੍ਹਦੇ ਸਨ, ਜਦੋਂ ਕਿ ਜੁਲਾਈ 2026 ਤੱਕ ਇਹ ਗਿਣਤੀ ਘਟ ਕੇ 23 ਲੱਖ 64 ਹਜ਼ਾਰ 76 ਰਹਿ ਗਈ। ਭਾਵ ਸਾਢੇ ਚਾਰ ਸਾਲਾਂ ਵਿੱਚ ਲਗਭਗ 5 ਲੱਖ 98 ਹਜ਼ਾਰ 302 ਵਿਦਿਆਰਥੀਆਂ ਦੀ ਕਮੀ ਦਰਜ ਕੀਤੀ ਗਈ। ਪ੍ਰਾਇਮਰੀ ਤੋਂ ਲੈ ਕੇ ਸੀਨੀਅਰ ਸੈਕੰਡਰੀ ਪੱਧਰ ਤੱਕ ਲਗਭਗ ਸਾਰੀਆਂ ਜਮਾਤਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਿੱਚ ਗਿਰਾਵਟ ਆਈ ਹੈ। ਇਹ ਅੰਕੜੇ ਅਜਿਹੇ ਸਮੇਂ ਸਾਹਮਣੇ ਆਏ ਹਨ, ਜਦੋਂ ਪੰਜਾਬ ਸਰਕਾਰ ਸਿੱਖਿਆ ਖੇਤਰ ਵਿੱਚ ਕੀਤੇ ਗਏ ਸੁਧਾਰਾਂ ਅਤੇ ਸਰਕਾਰੀ ਸਕੂਲਾਂ ਦੇ ਵਿਕਾਸ ਨੂੰ ਆਪਣੀ ਵੱਡੀ ਪ੍ਰਾਪਤੀ ਵਜੋਂ ਪੇਸ਼ ਕਰ ਰਹੀ ਹੈ।

ਬਠਿੰਡਾ 'ਚ ਕਾਂਗਰਸੀਆਂ ਨੇ ਰਾਜਾ ਵੜਿੰਗ ਖਿਲਾਫ ਕੀਤੀ ਨਾਹਰੇਬਾਜ਼ੀ
ਬੈਂਕ ਧੋਖਾਧੜੀ ਮਾਮਲਾ: CBI ਅਦਾਲਤ ਵੱਲੋਂ ਬੈਂਕ ਦੇ ਸਾਬਕਾ ਮੈਨੇਜਰ ਸਮੇਤ ਤਿੰਨ ਦੋਸ਼ੀਆਂ ਨੂੰ ਸਜ਼ਾ