ਹਿਮਾਚਲ ‘ਚ ਸ਼ੁਰੂ ਹੋਈ ਹੈਲੀਕਾਪਟਰ ਟੈਕਸੀ, ਮੰਡੀ ਤੋਂ ਚੰਡੀਗੜ੍ਹ ਦਾ ਸਫ਼ਰ ਸਿਰਫ਼ 25 ਮਿੰਟ ‘ਚ

ਹਿਮਾਚਲ ਪ੍ਰਦੇਸ਼ ਸਰਕਾਰ ਨੇ ਮੰਡੀ ਤੋਂ ਚੰਡੀਗੜ੍ਹ ਲਈ ਸਿੱਧੀ ਹੈਲੀਕਾਪਟਰ ਸੇਵਾ ਸ਼ੁਰੂ ਕਰ ਦਿੱਤੀ ਹੈ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਸੋਮਵਾਰ ਨੂੰ ਸ਼ਿਮਲਾ ਤੋਂ ਵਰਚੁਅਲ ਮਾਧਿਅਮ ਰਾਹੀਂ ਇਸ ਸੇਵਾ ਦਾ ਰਸਮੀ ਉਦਘਾਟਨ ਕੀਤਾ। ਇਸ ਸੇਵਾ ਦੇ ਸ਼ੁਰੂ ਹੋਣ ਨਾਲ ਹੁਣ ਯਾਤਰੀ ਸਿਰਫ਼ 25 ਮਿੰਟਾਂ ਵਿੱਚ ਮੰਡੀ ਤੋਂ ਚੰਡੀਗੜ੍ਹ ਪਹੁੰਚ ਸਕਣਗੇ। ਇਸ ਦੇ ਲਈ ਪ੍ਰਤੀ ਯਾਤਰੀ 3500 ਰੁਪਏ ਕਿਰਾਇਆ ਤੈਅ ਕੀਤਾ ਗਿਆ ਹੈ।

ਮੰਡੀ ਵਿਖੇ ਕਰਵਾਏ ਗਏ ਪ੍ਰੋਗਰਾਮ ਵਿੱਚ ਡਿਪਟੀ ਕਮਿਸ਼ਨਰ ਅਪੂਰਵ ਦੇਵਗਨ, ਜਲ ਪ੍ਰਬੰਧਨ ਬੋਰਡ ਦੇ ਉਪ ਚੇਅਰਮੈਨ ਸ਼ਸ਼ੀ ਸ਼ਰਮਾ, ਕਾਂਗਰਸ ਦੀ ਜ਼ਿਲ੍ਹਾ ਪ੍ਰਧਾਨ ਚੰਪਾ ਠਾਕੁਰ, ਕਾਂਗਰਸੀ ਆਗੂ ਪਵਨ ਠਾਕੁਰ ਸਮੇਤ ਕਈ ਪਤਵੰਤੇ ਹਾਜ਼ਰ ਸਨ। ਹਾਲਾਂਕਿ ਪਹਿਲੇ ਦਿਨ ਖ਼ਰਾਬ ਮੌਸਮ ਕਾਰਨ ਹੈਲੀਕਾਪਟਰ ਉਡਾਣ ਨਹੀਂ ਭਰ ਸਕਿਆ, ਪਰ ਮੌਸਮ ਠੀਕ ਰਹਿਣ ‘ਤੇ ਰੋਜ਼ਾਨਾ ਦੋ ਉਡਾਣਾਂ ਚਲਾਈਆਂ ਜਾਣਗੀਆਂ। ਡਿਪਟੀ ਕਮਿਸ਼ਨਰ ਅਪੂਰਵ ਦੇਵਗਨ ਨੇ ਦੱਸਿਆ ਕਿ ਹੈਲੀਕਾਪਟਰ ਵਿੱਚ ਇੱਕ ਵਾਰ ਵਿੱਚ ਛੇ ਯਾਤਰੀਆਂ ਦੇ ਬੈਠਣ ਦੀ ਸਮਰੱਥਾ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਸੇਵਾ ਖ਼ਾਸ ਕਰਕੇ ਉਨ੍ਹਾਂ ਲੋਕਾਂ ਲਈ ਫ਼ਾਇਦੇਮੰਦ ਹੋਵੇਗੀ, ਜਿਨ੍ਹਾਂ ਨੇ ਘੱਟ ਸਮੇਂ ਵਿੱਚ ਚੰਡੀਗੜ੍ਹ ਪਹੁੰਚਣਾ ਹੁੰਦਾ ਹੈ। ਇਸ ਨਾਲ ਸੂਬੇ ਵਿੱਚ ਤੇਜ਼ ਅਤੇ ਸੁਵਿਧਾਜਨਕ ਹਵਾਈ ਸੰਪਰਕ ਨੂੰ ਹੁਲਾਰਾ ਮਿਲੇਗਾ।

ਕਾਂਗਰਸੀ ਆਗੂ ਪਵਨ ਠਾਕੁਰ ਨੇ ਕਿਹਾ ਕਿ ਸੂਬਾ ਸਰਕਾਰ ਪੜਾਅਵਾਰ ਤਰੀਕੇ ਨਾਲ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਨੂੰ ਹੈਲੀਕਾਪਟਰ ਸੇਵਾ ਨਾਲ ਜੋੜਨ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ ਅਤੇ ਕਈ ਜ਼ਿਲ੍ਹੇ ਪਹਿਲਾਂ ਹੀ ਇਸ ਸਹੂਲਤ ਨਾਲ ਜੁੜ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਅਗਲੇ ਪੜਾਅ ਵਿੱਚ ਸਬ-ਡਿਵੀਜ਼ਨ ਪੱਧਰ ਤੱਕ ਵੀ ਹੈਲੀਕਾਪਟਰ ਸੇਵਾ ਦਾ ਵਿਸਥਾਰ ਕਰਨ ਦੀ ਯੋਜਨਾ ਹੈ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਮੰਡੀ-ਚੰਡੀਗੜ੍ਹ ਹੈਲੀਕਾਪਟਰ ਸੇਵਾ ਭਵਿੱਖ ਵਿੱਚ ਖੇਤਰ ਲਈ ਮੀਲ ਦਾ ਪੱਥਰ ਸਾਬਤ ਹੋਵੇਗੀ। ਇਸ ਨਾਲ ਨਾ ਸਿਰਫ਼ ਲੋਕਾਂ ਨੂੰ ਤੇਜ਼ ਅਤੇ ਸੁਵਿਧਾਜਨਕ ਆਵਾਜਾਈ ਮਿਲੇਗੀ, ਸਗੋਂ ਸੈਰ-ਸਪਾਟਾ ਗਤੀਵਿਧੀਆਂ ਨੂੰ ਵੀ ਨਵਾਂ ਹੁਲਾਰਾ ਮਿਲੇਗਾ।

ਮੰਗ ਪੱਤਰ ਲੈਣ ਤੋਂ ਵੀ ਇਨਕਾਰੀ ਹੋਏ ਸਿੱਖਿਆ ਮੰਤਰੀ
ਪੰਜਾਬ ਸਰਕਾਰ ਨੇ ਕੇਂਦਰ ਨੂੰ ਚਿੱਠੀ ਲਿਖ ਕੇ ਸਤਲੁਜ ਫ਼ਿਲਮ ਬੈਨ ਕਰਵਾਈ ਹੈ - ਹਰਸਿਮਰਤ