ਬਠਿੰਡਾ ‘ਚ ਆਰਐੱਸਐੱਸ ਦਫ਼ਤਰ ਦੇ ਸਾਹਮਣੇ ਸਥਿੱਤ ਕਲੀਨਿਕ ‘ਤੇ ਸੁੱਟਿਆ ਪੈਟਰੋਲ ਬੰਬ

ਬਠਿੰਡਾ ਵਿੱਚ ਮੁੱਖ ਮੰਤਰੀ ਦੇ ਪ੍ਰਸਤਾਵਿਤ ਦੌਰੇ ਤੋਂ ਠੀਕ ਪਹਿਲਾਂ ਕਾਨੂੰਨ ਵਿਵਸਥਾ ਨੂੰ ਚੁਣੌਤੀ ਦੇਣ ਵਾਲਾ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੇ ਸਥਾਨਕ ਭਾਜਪਾ ਆਗੂ ਡਾਕਟਰ ਤਰਸੇਮ ਗਰਗ ਦੇ ‘ਹੈਨੀਮਨ ਹੋਮਿਓਪੈਥਿਕ ਕਲੀਨਿਕ’ ਨੂੰ ਨਿਸ਼ਾਨਾ ਬਣਾਉਂਦਿਆਂ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਪੈਟਰੋਲ ਬੰਬ ਸੁੱਟਿਆ ਗਿਆ। ਘਟਨਾ ਦੀ ਜੋ ਤਸਵੀਰ ਸਾਹਮਣੇ ਆਈ ਹੈ, ਉਸ ਮੁਤਾਬਕ ਦੋ ਮੂੰਹ-ਢਕੇ ਨੌਜਵਾਨ ਕਲੀਨਿਕ ਦੇ ਬਾਹਰ ਪਹੁੰਚੇ। ਉਨ੍ਹਾਂ ਵਿੱਚੋਂ ਇੱਕ ਨੇ ਪੈਟਰੋਲ ਵਾਲੀ ਬੋਤਲ ਨੂੰ ਅੱਗ ਲਗਾਈ ਅਤੇ ਦੂਜਾ ਸਾਥੀ ਮੋਬਾਈਲ ‘ਤੇ ਇਸ ਪੂਰੀ ਹਰਕਤ ਦੀ ਵੀਡੀਓ ਰਿਕਾਰਡ ਕਰ ਰਿਹਾ ਸੀ। ਅੱਗ ਲਗਾਉਣ ਸਾਰ ਹੀ ਉਨ੍ਹਾਂ ਨੇ ਬੋਤਲ ਕਲੀਨਿਕ ਦੇ ਮੁੱਖ ਗੇਟ ਦੇ ਅੰਦਰ ਸੁੱਟ ਦਿੱਤੀ, ਜਿਸ ਨਾਲ ਉੱਥੇ ਭਾਜੜ ਮਚ ਗਈ। ਕਲੀਨਿਕ ਸਟਾਫ਼ ਵੱਲੋਂ ਰੌਲਾ ਪਾਉਣ ਅਤੇ ਰਾਹਗੀਰਾਂ ਦੇ ਇਕੱਠੇ ਹੋਣ ਕਾਰਨ ਹਮਲਾਵਰ ਤੁਰੰਤ ਉੱਥੋਂ ਫਰਾਰ ਹੋ ਗਏ।

ਇਸ ਘਟਨਾ ਦੇ ਕਈ ਸਿਆਸੀ ਅਤੇ ਸੁਰੱਖਿਆ ਮਾਇਨੇ ਕੱਢੇ ਜਾ ਰਹੇ ਹਨ। ਪੀੜਤ ਡਾਕਟਰ ਤਰਸੇਮ ਗਰਗ ਪਹਿਲਾਂ ਆਮ ਆਦਮੀ ਪਾਰਟੀ ਦੇ ਪੰਜਾਬ ਟਰੇਡ ਵਿੰਗ ਦੇ ਸੈਕਟਰੀ ਵਜੋਂ ਸਰਗਰਮ ਸਨ, ਪਰ ਬਠਿੰਡਾ ਨਗਰ ਨਿਗਮ ਚੋਣਾਂ ਵੇਲੇ ਪਾਰਟੀ ਨਾਲ ਮੱਤਭੇਦਾਂ ਕਾਰਨ ਉਹ ‘ਆਪ’ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। ਇਸ ਤੋਂ ਇਲਾਵਾ, ਜਿਸ ਕਲੀਨਿਕ ‘ਤੇ ਇਹ ਹਮਲਾ ਹੋਇਆ ਹੈ, ਉਸ ਦੇ ਬਿਲਕੁਲ ਸਾਹਮਣੇ ਰਾਸ਼ਟਰੀ ਸਵੈਮ ਸੇਵਕ ਸੰਘ (RSS) ਦਾ ਮੁੱਖ ਦਫ਼ਤਰ ਵੀ ਸਥਿਤ ਹੈ, ਜਿਸ ਕਾਰਨ ਇਲਾਕੇ ਵਿੱਚ ਸੁਰੱਖਿਆ ਨੂੰ ਲੈ ਕੇ ਚਿੰਤਾ ਹੋਰ ਵਧ ਗਈ ਹੈ।

ਵਾਰਦਾਤ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਦੇ ਆਲ੍ਹਾ ਅਧਿਕਾਰੀ ਪੂਰੀ ਫੋਰਸ ਸਮੇਤ ਮੌਕੇ ‘ਤੇ ਪਹੁੰਚ ਗਏ ਅਤੇ ਸਥਿਤੀ ਦਾ ਜਾਇਜ਼ਾ ਲਿਆ। ਕਿਉਂਕਿ ਕੱਲ੍ਹ ਹੀ ਮੁੱਖ ਮੰਤਰੀ ਭਗਵੰਤ ਮਾਨ ਬਠਿੰਡਾ ਦੇ ਦੌਰੇ ‘ਤੇ ਆ ਰਹੇ ਹਨ, ਇਸ ਲਈ ਹਾਈ-ਪ੍ਰੋਫਾਈਲ ਮੂਵਮੈਂਟ ਤੋਂ ਪਹਿਲਾਂ ਹੋਈ ਇਸ ਘਟਨਾ ਨੇ ਸਥਾਨਕ ਪੁਲਿਸ ਪ੍ਰਸ਼ਾਸਨ ਦੇ ਸੁਰੱਖਿਆ ਪ੍ਰਬੰਧਾਂ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਪੁਲਿਸ ਵੱਲੋਂ ਮੌਕੇ ‘ਤੇ ਮੌਜੂਦ ਲੋਕਾਂ ਅਤੇ ਡਾਕਟਰ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ।

ਦੂਜੇ ਪਾਸੇ ਡਾਕਟਰ ਤਰਸੇਮ ਗਰਗ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ ਅਤੇ ਨਾ ਹੀ ਹਾਲ ਹੀ ਦੇ ਦਿਨਾਂ ਵਿੱਚ ਉਨ੍ਹਾਂ ਨੂੰ ਕੋਈ ਧਮਕੀ ਭਰਿਆ ਸੁਨੇਹਾ ਮਿਲਿਆ ਸੀ। ਮਾਮਲੇ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਐਸ.ਪੀ. ਨਰਿੰਦਰ ਸਿੰਘ ਨੇ ਦੱਸਿਆ ਕਿ ਦੋ ਨੌਜਵਾਨਾਂ ਵੱਲੋਂ ਕਲੀਨਿਕ ਅੰਦਰ ਪੈਟਰੋਲ ਬੰਬ ਸੁੱਟਣ ਦੀ ਪੁਸ਼ਟੀ ਹੋਈ ਹੈ। ਘਟਨਾ ਦੀ ਜਾਂਚ ਲਈ ਪੁਲਿਸ ਦੀਆਂ ਵਿਸ਼ੇਸ਼ ਟੀਮਾਂ ਗਠਿਤ ਕਰ ਦਿੱਤੀਆਂ ਗਈਆਂ ਹਨ। ਪੁਲਿਸ ਆਸ-ਪਾਸ ਦੇ ਇਲਾਕਿਆਂ ਅਤੇ ਕਲੀਨਿਕ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ ਤਾਂ ਜੋ ਹਮਲਾਵਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾ ਸਕੇ।

ਅਮਰੀਕਾ ਨੇ ਭਾਰਤ ਨੂੰ ਅਗਲੇ 60 ਦਿਨਾਂ ਲਈ ਈਰਾਨ ਤੋਂ ਤੇਲ ਖਰੀਦਣ ਦੀ ਇਜਾਜ਼ਤ ਦਿੱਤੀ
ਸਾਢੇ ਚਾਰ ਸਾਲਾਂ ਵਿੱਚ 68268 ਸਰਕਾਰੀ ਨੌਕਰੀਆਂ ਦੇ ਕੇ ਪੰਜਾਬ ਨੇ ਰਚਿਆ ਇਤਿਹਾਸ: ਮੁੱਖ ਮੰਤਰੀ ਭਗਵੰਤ ਮਾਨ