ਜਾਅਲੀ ਲੈਟਰ ਵਾਇਰਲ ਹੋਣ ਮਗਰੋਂ ਸੁਖਜਿੰਦਰ ਸਿੰਘ ਰੰਧਾਵਾ ਸਖ਼ਤ, DGP ਪੰਜਾਬ ਨੂੰ ਸ਼ਿਕਾਇਤ ਲਿਖ ਤੁਰੰਤ FIR ਦਰਜ ਕਰਨ ਦੀ ਕੀਤੀ ਮੰਗ

ਪੰਜਾਬ ਕਾਂਗਰਸ ਦੀ ਪ੍ਰਧਾਨਗੀ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ ਫਰਜ਼ੀ ਪੱਤਰ ਦੇ ਮਾਮਲੇ ਵਿੱਚ ਹੁਣ ਸਿਆਸਤ ਪੂਰੀ ਤਰ੍ਹਾਂ ਭਖ ਗਈ ਹੈ। ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਅਤੇ ਪੰਜਾਬ ਦੇ ਸਾਬਕਾ ਉਪ-ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਸਾਜ਼ਿਸ਼ ਖ਼ਿਲਾਫ਼ ਬੇਹੱਦ ਸਖ਼ਤ ਰੁਖ਼ ਇਖਤਿਆਰ ਕੀਤਾ ਹੈ। ਉਨ੍ਹਾਂ ਨੇ ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ (DGP) ਨੂੰ ਇੱਕ ਅਧਿਕਾਰਤ ਸ਼ਿਕਾਇਤ ਪੱਤਰ ਭੇਜ ਕੇ ਇਸ ਮਾਮਲੇ ਵਿੱਚ ਤੁਰੰਤ ਐਫ.ਆਈ.ਆਰ. (FIR) ਦਰਜ ਕਰਨ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਲੋਕਾਂ ਨੂੰ ਗੁੰਮਰਾਹ ਕਰਨ ਅਤੇ ਅਕਸ ਖ਼ਰਾਬ ਕਰਨ ਦੀ ਡੂੰਘੀ ਸਾਜ਼ਿਸ਼ DGP ਪੰਜਾਬ ਨੂੰ ਭੇਜੇ ਗਏ ਸ਼ਿਕਾਇਤ ਪੱਤਰ ਵਿੱਚ ਸਾਂਸਦ ਸੁਖਜਿੰਦਰ ਸਿੰਘ ਰੰਧਾਵਾ ਨੇ ਲਿਖਿਆ ਹੈ ਕਿ ਸੋਸ਼ਲ ਮੀਡੀਆ ਪਲੇਟਫਾਰਮਾਂ ਅਤੇ ਵਟਸਐਪ ਗਰੁੱਪਾਂ ‘ਤੇ ਆਲ ਇੰਡੀਆ ਕਾਂਗਰਸ ਕਮੇਟੀ (AICC) ਦੇ ਨਾਂ ‘ਤੇ ਇੱਕ ਜਾਅਲੀ ਅਤੇ ਮਨਘੜਤ ਪੱਤਰ ਵਾਇਰਲ ਕੀਤਾ ਜਾ ਰਿਹਾ ਹੈ। ਇਸ ਫਰਜ਼ੀ ਦਸਤਾਵੇਜ਼ ਵਿੱਚ ਇਹ ਝੂਠਾ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (PPCC) ਦਾ ਨਵਾਂ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ ਹੈ। ਰੰਧਾਵਾ ਨੇ ਸਪੱਸ਼ਟ ਕੀਤਾ ਕਿ ਇਹ ਪੱਤਰ ਪੂਰੀ ਤਰ੍ਹਾਂ ਨਕਲੀ ਅਤੇ ਗੈਰ-ਕਾਨੂੰਨੀ ਹੈ, ਜਿਸ ਦਾ ਮਕਸਦ ਜਨਤਾ ਨੂੰ ਗੁੰਮਰਾਹ ਕਰਨਾ, ਪਾਰਟੀ ਵਰਕਰਾਂ ਵਿੱਚ ਭੰਬਲਭੂਸਾ ਪੈਦਾ ਕਰਨਾ ਅਤੇ ਉਨ੍ਹਾਂ ਦੇ ਸਿਆਸੀ ਅਕਸ ਨੂੰ ਨੁਕਸਾਨ ਪਹੁੰਚਾਉਣਾ ਹੈ।

ਮੌਤ ਦੀ ਝੂਠੀ ਅਫ਼ਵਾਹ ਨਾਲ ਜੁੜੇ ਹਨ ਤਾਰ, ਪਹਿਲਾਂ ਨਹੀਂ ਹੋਈ ਕਾਰਵਾਈ ਸ਼ਿਕਾਇਤ ਦੀ ਕਾਪੀ ਮੁਤਾਬਕ ਰੰਧਾਵਾ ਨੇ ਇਸ ਨੂੰ ਕੋਈ ਇਕੱਲੀ-ਕਾਰ੍ਹੀ ਘਟਨਾ ਨਹੀਂ ਦੱਸਿਆ। ਉਨ੍ਹਾਂ ਖ਼ੁਲਾਸਾ ਕੀਤਾ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਦੀ ਮੌਤ ਬਾਰੇ ਸੋਸ਼ਲ ਮੀਡੀਆ ‘ਤੇ ਇੱਕ ਫਰਜ਼ੀ ਖ਼ਬਰ ਅਤੇ ਅਫ਼ਵਾਹ ਫੈਲਾਈ ਗਈ ਸੀ, ਜਿਸ ਸਬੰਧੀ ਉਨ੍ਹਾਂ ਪੰਜਾਬ ਪੁਲਿਸ ਨੂੰ ਰਸਮੀ ਸ਼ਿਕਾਇਤ ਦਿੱਤੀ ਸੀ। ਪਰ ਅਫਸੋਸ ਦੀ ਗੱਲ ਹੈ ਕਿ ਉਸ ਸਮੇਂ ਜ਼ਿੰਮੇਵਾਰ ਸ਼ਰਾਰਤੀ ਅਨਸਰਾਂ ਖ਼ਿਲਾਫ਼ ਕੋਈ ਅਸਰਦਾਰ ਕਾਰਵਾਈ ਨਹੀਂ ਕੀਤੀ ਗਈ। ਪਹਿਲਾਂ ਕਾਰਵਾਈ ਨਾ ਹੋਣ ਕਾਰਨ ਹੀ ਅਜਿਹੇ ਗੈਰ-ਸਮਾਜਿਕ ਅਨਸਰਾਂ ਦੇ ਹੌਸਲੇ ਬੁਲੰਦ ਹੋਏ ਹਨ ਅਤੇ ਉਨ੍ਹਾਂ ਨੇ ਹੁਣ ਇਹ ਦੂਜੀ ਵੱਡੀ ਸਿਆਸੀ ਸਾਜ਼ਿਸ਼ ਰਚੀ ਹੈ।

ਸਾਈਬਰ ਸੈੱਲ ਤੋਂ ਜਾਂਚ ਅਤੇ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਸੁਖਜਿੰਦਰ ਸਿੰਘ ਰੰਧਾਵਾ ਨੇ DGP ਤੋਂ ਮੰਗ ਕੀਤੀ ਹੈ ਕਿ:

  • ਜਾਅਲੀ ਪੱਤਰ ਤਿਆਰ ਕਰਨ ਅਤੇ ਇਸ ਨੂੰ ਵਾਇਰਲ ਕਰਨ ਵਾਲੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਤੁਰੰਤ FIR ਦਰਜ ਕੀਤੀ ਜਾਵੇ।
  • ਪੰਜਾਬ ਪੁਲਿਸ ਦਾ ਸਾਈਬਰ ਸੈੱਲ ਇਸ ਦੀ ਡੂੰਘਾਈ ਨਾਲ ਤਕਨੀਕੀ ਜਾਂਚ ਕਰੇ ਤਾਂ ਜੋ ਇਸ ਜਾਅਲੀ ਲੈਟਰ ਨੂੰ ਸਭ ਤੋਂ ਪਹਿਲਾਂ ਬਣਾਉਣ ਅਤੇ ਫੈਲਾਉਣ ਵਾਲੇ ਮੁੱਖ ਸਾਜ਼ਿਸ਼ਕਰਤਾਵਾਂ, ਸੋਸ਼ਲ ਮੀਡੀਆ ਅਕਾਊਂਟਸ ਅਤੇ ਪੇਜਾਂ ਦੀ ਪਛਾਣ ਕੀਤੀ ਜਾ ਸਕੇ।
  • ਇਸ ਮੌਜੂਦਾ ਮਾਮਲੇ ਦੀ ਜਾਂਚ ਨੂੰ ਉਨ੍ਹਾਂ ਦੀ ਮੌਤ ਦੀ ਝੂਠੀ ਅਫ਼ਵਾਹ ਵਾਲੀ ਪੁਰਾਣੀ ਸ਼ਿਕਾਇਤ ਨਾਲ ਜੋੜ ਕੇ ਦੇਖਿਆ ਜਾਵੇ, ਕਿਉਂਕਿ ਦੋਵਾਂ ਘਟਨਾਵਾਂ ਪਿੱਛੇ ਇੱਕੋ ਨੈਕਸਸ (ਗਠਜੋੜ) ਜਾਂ ਤਾਲਮੇਲ ਨਾਲ ਕੰਮ ਕਰ ਰਿਹਾ ਗਰੁੱਪ ਹੋ ਸਕਦਾ ਹੈ।
  • ਪੁਰਾਣੀ ਸ਼ਿਕਾਇਤ ‘ਤੇ ਹੁਣ ਤੱਕ ਹੋਈ ਕਾਰਵਾਈ ਦੀ ਸਟੇਟਸ ਰਿਪੋਰਟ ਵੀ ਤਲਬ ਕੀਤੀ ਜਾਵੇ।

ਰੰਧਾਵਾ ਨੇ ਅਖੀਰ ਵਿੱਚ ਕਿਹਾ ਕਿ ਇੱਕ ਮੌਜੂਦਾ ਸੰਸਦ ਮੈਂਬਰ ਨੂੰ ਨਿਸ਼ਾਨਾ ਬਣਾ ਕੇ ਅਜਿਹੀਆਂ ਝੂਠੀਆਂ ਅਫ਼ਵਾਹਾਂ ਫੈਲਾਉਣੀਆਂ ਸਿਰਫ਼ ਕਿਸੇ ਵਿਅਕਤੀ ਵਿਸ਼ੇਸ਼ ‘ਤੇ ਹਮਲਾ ਨਹੀਂ ਹੈ, ਸਗੋਂ ਇਹ ਜਨਤਕ ਵਿਸ਼ਵਾਸ ਨੂੰ ਤੋੜਨ ਅਤੇ ਲੋਕਤੰਤਰਿਕ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੀ ਇੱਕ ਗੰਭੀਰ ਸਾਈਬਰ ਹਰਕਤ ਹੈ। ਹੁਣ ਦੇਖਣਾ ਹੋਵੇਗਾ ਕਿ ਪੰਜਾਬ ਪੁਲਿਸ ਇਸ ਹਾਈ-ਪ੍ਰੋਫਾਈਲ ਮਾਮਲੇ ‘ਤੇ ਕਿੰਨੀ ਜਲਦੀ ਐਕਸ਼ਨ ਲੈਂਦੀ ਹੈ।

ਪੰਜਾਬ ਕਾਂਗਰਸ ਦੀ ਲੀਡਰਸ਼ਿਪ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਨਕਲੀ ਪੱਤਰ, ਕਾਂਗਰਸ ਨੇ ਦਿੱਤੀ ਸਫਾਈ
ਖਹਿਰਾ ਦਾ ਦਾਅਵਾ ਝੂਠ, ਗੁੜਗਾਓਂ ਪੁਲਿਸ ਨੇ ਸਿਰੇ ਤੋਂ ਕੀਤਾ ਖਾਰਿਜ