ਬਠਿੰਡਾ ਦੇ ਪਿੰਡ ਕੋਠਾਗੁਰੂ ਵਿਖੇ ਚੱਲੀਆਂ ਗੋਲੀਆਂ, ਤਿੰਨ ਦੀ ਮੌਤ

ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਠਾਗੁਰੂ ਵਿਖੇ ਅੱਜ ਸਵੇਰੇ ਹੋਏ ਭਿਆਨਕ ਗੋਲੀਬਾਰੀ ਵਿੱਚ ਤਿੰਨ ਵਿਅਕਤੀਆਂ ਦੇ ਮਰਨ ਅਤੇ ਕੁੱਝ ਦੇ ਜ਼ਖਮੀ ਹੋਣ ਦੀ ਸੂਚਨਾ ਹੈ। ਘਟਨਾ ਦਾ ਪਤਾ ਲੱਗਦੇ ਹੀ ਥਾਣਾ ਦਿਆਲਪੁਰਾ ਦੀ ਪੁਲਿਸ ਅਤੇ ਉੱਚ ਅਧਿਕਾਰੀ ਮੌਕੇ ’ਤੇ ਪੁੱਜੇ। ਦੋ ਨੂੰ ਕਤਲ ਕਰਨ ਅਤੇ ਕਈਆਂ ਨੂੰ ਜਖਮੀ ਕਰਨ ਵਾਲੇ ਹਮਲਾਵਰ ਨੂੰ ਕਾਬੂ ਕਰਨ ਲਈ ਪੁਲਿਸ ਵਲੋਂ ਵੀ ਗੋਲੀ ਚਲਾਉਣੀ ਪਈ ਪਰ ਮੁਜ਼ਰਮ ਨੇ ਪੁਲਿਸ ’ਚ ਘਿਰਦਾ ਦੇਖ ਖੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਡੀਐਸਪੀ ਫ਼ੂਲ ਮੋਹਿਤ ਅਗਰਵਾਲ ਨੇ ਇਸਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਸ ਘਟਨਾ ਵਿੱਚ ਤਿੰਨ ਜਣਿਆਂ ਦੀ ਮੌਤ ਹੋ ਚੁੱਕੀ ਹੈ ਤੇ ਕਈ ਜ਼ਖਮੀ ਹਨ, ਜਿੰਨ੍ਹਾਂ ਨੂੰ ਇਲਾਜ਼ ਲਈ ਹਸਪਤਾਲ ਅੰਦਰ ਭਰਤੀ ਕਰਵਾਇਆ ਗਿਆ ਹੈ। ਮਿਲੀ ਸੂਚਨਾ ਮੁਤਾਬਕ ਗੋਲੀਆਂ ਚਲਾਉਣ ਵਾਲਾ ਤੇ ਮਰਨ ਵਾਲੇ ਇੱਕ ਹੀ ਦਾਦੇ ਦੇ ਪੋਤੇ ਸਨ ਅਤੇ ਇੰਨ੍ਹਾਂ ਦੀ ਆਪਸੀ ਪਰਿਵਾਰਕ ਰੰਜਿਸ਼ ਚੱਲਦੀ ਆ ਰਹੀ ਸੀ। ਹਮਲਾਵਰ ਦਾ ਨਾਂ ਗੁਰਸ਼ਰਨ ਸਿੰਘ ਉਰਫ਼ ਸਰਨੀ (45 ਸਾਲ) ਦੱਸੀ ਜਾ ਰਹੀ ਹੈ। ਜਦੋਂਕਿ ਮ੍ਰਿਤਕਾਂ ਵਿੱਚ ਉਸਦਾ ਚਚੇਰਾ ਭਰਾ ਗੁਰਸ਼ਾਂਤ ਸਿੰਘ ਅਤੇ ਪਿੰਡ ਦਾ ਇੱਕ ਹੋਰ ਵਿਅਕਤੀ ਭੋਲਾ ਸਿੰਘ ਸ਼ਾਮਲ ਹੈ। ਭੋਲਾ ਸਿੰਘ ਨੂੰ ਬਚਾਉਂਦੇ ਹੋਏ ਇੱਕ ਗਰੰਥੀ ਕੁਲਦੀਪ ਸਿੰਘ ਦੇ ਵੀ ਗੋਲੀਆਂ ਦੇ ਛਰੇ ਲੱਗ ਗਏ। ਇਸੇ ਤਰ੍ਹਾਂ ਗੋਲੀਆਂ ਦੇ ਛਰੇ ਲੱਗਣ ਕਾਰਨ ਕਈ ਹੋਰ ਦੇ ਜ਼ਖਮੀ ਹੋਣ ਦੀ ਵੀ ਸੂਚਨਾ ਹੈ। ਘਟਨਾ ਤੋਂ ਬਾਅਦ ਪਿੰਡ ਵਿੱਚ ਹਾਹਾਕਾਰ ਮੱਚ ਗਈ ਅਤੇ ਪੁਲਿਸ ਵੀ ਥੋੜੇ ਸਮੇਂ ਬਾਅਦ ਮੌਕੇ ’ਤੇ ਪੁੱਜ ਗਈ। ਪਿੰਡ ਦੇ ਲੋਕਾਂ ਮੁਤਾਬਕ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਕਥਿਤ ਹਮਲਾਵਰ ਅਪਣੇ ਘਰ ਦੇ ਚੁਬਾਰੇ ਵਿੱਚ ਚੜ੍ਹ ਗਿਆ, ਜਿੱਥੇ ਪੁਲਿਸ ਨੇ ਉਸਨੂੰ ਕਾਬੂ ਕਰਨ ਲਈ ਘੇਰਾਬੰਦੀ ਕੀਤੀ ਪ੍ਰੰਤੂ ਇਸ ਦੌਰਾਨ ਉਸਨੇ ਗੋਲੀਬਾਰੀ ਜਾਰੀ ਰੱਖੀ। ਜਿਸ ਕਰਕੇ ਪੁਲਿਸ ਵਲੋਂ ਵੀ ਜਵਾਬੀ ਫ਼ਾਈਰਿੰਗ ਕੀਤੀ ਗਈ। ਪੁਲਿਸ ਦੇ ਡਰ ਕਾਰਨ ਉਸਨੇ ਵੀ ਖੁਦ ਨੂੰ ਗੋਲੀ ਮਾਰ ਲਈ। ਮੁੱਢਲੀ ਸੂਚਨਾ ਮੁਤਾਬਕ ਇਹ ਵੀ ਪਤਾ ਲੱਗਿਆ ਹੈ ਕਿ ਹਮਲਵਾਰ ਮਾਨਸਿਕ ਤੌਰ ’ਤੇ ਵੀ ਪ੍ਰੇਸ਼ਾਨ ਸੀ ਤੇ ਉਸਦਾ ਇਲਾਜ ਵੀ ਚੱਲ ਰਿਹਾ ਸੀ।

ਮਸ਼ਹੂਰ ਪਤੀਸਾ ਫੈਕਟਰੀ ਦੇ ਚਾਰ ਸੈਂਪਲਾਂ ਵਿੱਚੋਂ ਤਿੰਨ ਫੇਲ
ਪ੍ਰੀਗੈਬਲਿਨ ਦਵਾਈ ਦੀ ਵਿਕਰੀ ਉੱਤੇ ਮੁਕੰਮਲ ਪਾਬੰਦੀ