ਬਠਿੰਡਾ ਦੇ ਹਨੇਸ਼ ਗਰਗ ਨੇ ਚੁਣੌਤੀਆਂ ਦੇ ਬਾਵਜੂਦ 90% ਨਾਲ ਪਾਸ ਕੀਤੀ 10ਵੀਂ ਜਮਾਤ

ਅੱਜ ਜਿਵੇਂ ਹੀ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ 10ਵੀਂ ਜਮਾਤ ਦਾ ਨਤੀਜਾ ਆਪਣੀ ਵੈੱਬਸਾਈਟ ‘ਤੇ ਅਪਲੋਡ ਕੀਤਾ ਤਾਂ ਬੇਸਬਰੀ ਨਾਲ ਉਡੀਕ ਕਰ ਰਹੇ ਬੱਚਿਆਂ ਨੇ ਵੈਬਸਾਈਟ ‘ਤੇ ਆਪਣੇ ਨਤੀਜੇ ਲੱਭਣੇ ਸ਼ੁਰੂ ਕਰ ਦਿੱਤੇ । ਹਰ ਬੱਚਾ ਆਪਣਾ ਨਤੀਜਾ ਦੇਖਣ ਲਈ ਉਤਸਾਹਿਤ ਸੀ। ਪਰ ਬਠਿੰਡਾ ਦੀ ਨਵੀਂ ਬਸਤੀ ਗਲੀ ਨੰਬਰ 6 ਦੇ ਰਹਿਣ ਵਾਲੇ ਬੱਚੇ ਹਨੇਸ਼ ਗਰਗ ਦੇ ਨਤੀਜੇ ਦੀ ਖੁਸ਼ੀ ਸਿਰਫ਼ ਉਸਦੀ ਜਾਂ ਉਸਦੇ ਮਾਪਿਆਂ ਦੀ ਖੁਸ਼ੀ ਨਹੀਂ ਸਗੋਂ ਉਸਦੇ ਸਕੂਲ ‘ਹੈਪੀ ਹਾਈ ਸਕੂਲ’, ਆਂਢ ਗੁਆਂਢ ਅਤੇ ਰਿਸ਼ਤੇਦਾਰਾਂ ਦੇ ਨਾਲ ਨਾਲ ਬਠਿੰਡਾ ਸ਼ਹਿਰ ਵਿੱਚ ਇਸਦੀ ਚਰਚਾ ਛਿੜ ਗਈ ਹੈ।

ਹਨੇਸ਼ ਦੀ ਮਾਂ ਈਸ਼ਾ ਗਰਗ ਅਤੇ ਦਾਦੀ ਕ੍ਰਿਸ਼ਨਾ ਦੇਵੀ ਨੇ ਦੱਸਿਆ ਕਿ ਜਦੋਂ ਹਨੇਸ਼ ਚਾਰ ਸਾਲ ਦਾ ਸੀ ਤਾਂ ਉਹ ਕਾਫੀ ਬੀਮਾਰ ਹੋ ਗਿਆ ਸੀ ਅਤੇ ਇਲਾਜ ਦੌਰਾਨ ਉਸ ਦੀ ਸੁਣਨ ਸ਼ਕਤੀ ਖਤਮ ਹੋ ਗਈ ਸੀ। ਸੁਣਨ ਸ਼ਕਤੀ ਖਤਮ ਹੋਣ ਕਾਰਨ ਉਸ ਦੀ ਬੋਲਣ ਦੀ ਸਮਰੱਥਾ ਵਿਕਸਿਤ ਨਹੀਂ ਹੋ ਸਕੀ। ਇਸ ਸਭ ਦੇ ਬਾਵਜੂਦ ਹਨੇਸ਼ ਦੇ ਮਾਤਾ-ਪਿਤਾ, ਈਸ਼ਾ ਗਰਗ-ਵਿਕਰਮ ਗਰਗ ਅਤੇ ਬਾਕੀ ਪਰਿਵਾਰਿਕ ਮੈਂਬਰਾਂ ਨੇ ਆਸ ਨਹੀਂ ਛੱਡੀ ਅਤੇ ਉਸ ਨੂੰ ਹਰ ਉਪਲਬਧ ਇਲਾਜ ਲਈ ਲੈ ਗਏ। ਇਲਾਜ ਦੇ ਨਾਲ-ਨਾਲ ਉਸ ਦੀ ਪੜ੍ਹਾਈ ਵੀ ਜਾਰੀ ਰਹੀ। ਪੂਰੇ ਪਰਿਵਾਰ ਨੇ ਉਸਦਾ ਸਾਥ ਦਿੱਤਾ ਅਤੇ ਨਤੀਜੇ ਵਜੋਂ ਅੱਜ ਹਨੇਸ਼ ਨੇ 650 ਵਿੱਚੋਂ 584 ਅੰਕ ਲੈ ਕੇ 10ਵੀਂ ਜਮਾਤ ਦੀ ਪ੍ਰੀਖਿਆ ਕਰੀਬ 90% ਅੰਕਾਂ ਨਾਲ ਪਾਸ ਕੀਤੀ ਹੈ।

ਇਸ ਮੌਕੇ ‘ਤੇ ਹਨੇਸ਼ ਦੇ ਪਿਤਾ ਵਿਕਰਮ ਗਰਗ ਨੇ ਸਕੂਲ ਦੇ ਪ੍ਰਿੰਸੀਪਲ ਅਤੇ ਸਮੂਹ ਅਧਿਆਪਕਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਆਪਣੇ ਬੱਚੇ ਦੀ ਪੜ੍ਹਾਈ ਦਾ ਬਹੁਤ ਵਧੀਆ ਮਾਰਗਦਰਸ਼ਨ ਕੀਤਾ, ਜਿਸ ਦੇ ਨਤੀਜੇ ਵਜੋਂ ਅੱਜ ਹਨੇਸ਼ ਨੇ ਚੰਗੇ ਅੰਕਾਂ ਨਾਲ ਪ੍ਰੀਖਿਆ ਪਾਸ ਕੀਤੀ ਹੈ। ਵਿਕਰਮ ਨੇ ਕਿਹਾ ਕਿ ਉਹ ਸਕੂਲ ਮੈਨੇਜਮੈਂਟ, ਪ੍ਰਿੰਸੀਪਲ ਅਤੇ ਸਮੂਹ ਅਧਿਆਪਕਾਂ ਦੇ ਤਹਿ ਦਿਲੋਂ ਧੰਨਵਾਦੀ ਹਨ। ਪਰਿਵਾਰ ਨਾਲ ਇਸ ਪ੍ਰਾਪਤੀ ਦਾ ਜਸ਼ਨ ਮਨਾਉਣ ਲਈ ਹਨੇਸ਼ ਦੇ ਰਿਸ਼ਤੇਦਾਰ ਵੀ ਸ਼ਾਮਿਲ ਹੋ ਰਹੇ ਹਨ।

ਅਮਰੂਦ ਅਤੇ ਸ਼ਰਾਬ ਘੋਟਾਲੇ ਵਿੱਚ ਈਡੀ ਦੀ ਵੱਡੀ ਕਾਰਵਾਈ
CBSE 10th, 12th Result 2024: Awaited Announcement